ਨਵੀਂ ਦਿੱਲੀ: ਦੇਸ਼ ਭਰ ਵਿਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਹੋ ਰਹੇ ਭਾਰੀ ਵਾਧੇ ਕਾਰਨ ਵੱਖ-ਵੱਖ ਰਾਜਾਂ ਵਿਚ ਪੇਸ਼ ਆ ਰਹੀ ਮੈਡੀਕਲ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਰੱਖਿਆ ਮੰਤਰਾਲੇ ਨੇ ਜਰਮਨੀ ਤੋਂ ਜਹਾਜ਼ਾਂ ਰਾਹੀਂ 23 ਮੋਬਾਈਲ ਆਕਸੀਜਨ ਉਤਪਾਦਨ ਪਲਾਂਟ ਲੈ ਕੇ ਆਉਣ ਦਾ ਫ਼ੈਸਲਾ ਲਿਆ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਹਰੇਕ ਪਲਾਂਟ ਦੀ ਸਮਰੱਥਾ ਇਕ ਮਿੰਟ ਵਿਚ 40 ਲਿਟਰ ਅਤੇ ਹਰੇਕ ਘੰਟੇ ਵਿਚ 2,400 ਲਿਟਰ ਆਕਸੀਜਨ ਪੈਦਾ ਕਰਨ ਦੀ ਹੋਵੇਗੀ। ਰੱਖਿਆ ਮੰਤਰਾਲੇ ਵਿਚ ਪ੍ਰਮੁੱਖ ਤਰਜਮਾਨ ਏ ਭਾਰਤ ਭੂਸ਼ਨ ਬਾਬੂ ਨੇ ਕਿਹਾ ਕਿ ਇਹ ਪਲਾਂਟ ਕਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਦੇ ਹਸਪਤਾਲਾਂ ਵਿਚ ਲਗਾਏ ਜਾਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਚਾਰ ਦਿਨ ਪਹਿਲਾਂ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਿਹਤ ਸਹੂਲਤਾਂ ਵਿਚ ਵਾਧਾ ਕਰਨ ਲਈ ਲੋੜੀਂਦੇ ਉਪਕਰਨ ਖ਼ਰੀਦਣ ਵਾਸਤੇ ਤਿੰਨੋਂ ਸੇਵਾਵਾਂ ਤੇ ਹੋਰ ਰੱਖਿਆ ਏਜੰਸੀਆਂ ਨੂੰ ਐਮਰਜੈਂਸੀ ਵਿੱਤੀ ਤਾਕਤਾਂ ਦਿੱਤੇ ਜਾਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਮੰਤਰਾਲੇ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪਲਾਂਟ ਇਕ ਹਫ਼ਤੇ ਦੇ ਅੰਦਰ ਲਿਆਂਦੇ ਜਾਣ ਦੀ ਆਸ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੂੰ ਉਸ ਦੇ ਢੋਆ-ਢੁਆਈ ਵਾਲੇ ਜਹਾਜ਼ ਤਿਆਰ ਰੱਖਣ ਲਈ ਕਹਿ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਵਿਦੇਸ਼ ਤੋਂ ਆਕਸੀਜਨ ਬਣਾਉਣ ਵਾਲੇ ਹੋਰ ਪਲਾਂਟ ਵੀ ਖਰੀਦੇ ਜਾ ਸਕਦੇ ਹਨ। ਇਨ੍ਹਾਂ ਪਲਾਂਟਾਂ ਨੂੰ ਆਸਾਨੀ ਨਾਲ ਲਿਆਂਦਾ ਜਾ ਸਕਦਾ ਹੈ। -ਪੀਟੀਆਈ