ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਸਾਰੇ ਭਾਈਵਾਲਾਂ ਨੂੰ ਕਿਹਾ ਕਿ ਉਹ ਕੋਵਿਡ ਦੀ ਮਾਰ ਹੇਠ ਆਏ ਸੈਕਟਰਾਂ ਲਈ ਬਣਾਈ 50 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਗਾਰੰਟੀ ਸਕੀਮ ਨੂੰ ਪੂਰਾ ਕਰਨ ਤਾਂ ਕਿ ਭਵਿੱਖੀ ਤੀਜੀ ਲਹਿਰ ਨਾਲ ਸਿੱਝਣ ਲਈ ਸਮੇਂ ਰਹਿੰਦਿਆਂ ਗੈਰ-ਮੈਟਰੋ ਸ਼ਹਿਰਾਂ ਵਿੱਚ ਸਿਹਤ ਸੰਭਾਲ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਵਿੱਤ ਮੰਤਰੀ ਨੇ ਟੀਅਰ-2 ਤੇ ਟੀਅਰ-3 ਸ਼ਹਿਰ/ਨਗਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ਵਿੱਚ ਮੈਡੀਕਲ ਸਮਰੱਥਾਵਾਂ ਨੂੰ ਵਧਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਹਤ ਸੰਭਾਲ ਢਾਂਚੇ ਵਿੱਚ ਸੁਧਾਰ ਨਾਲ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਵਿੱਚ ਵੱਡੀ ਮਦਦ ਮਿਲੇਗੀ। ਉਨ੍ਹਾਂ ਕਿਹਾ, ‘‘ਸਾਨੂੰ ਇਸ ਸਕੀਮ ਨੂੰ ਨਿਰਧਾਰਿਤ ਸਮੇਂ ਅੰਦਰ ਨੇਪਰੇ ਚਾੜ੍ਹਨਾ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਇਹ ਕੰਮ ਪੂਰੇ ਦੇਸ਼ ਖਾਸ ਕਰਕੇ ਉਨ੍ਹਾਂ ਹਿੱਸਿਆਂ ਵਿੱਚ ਵੀ ਪੂਰਾ ਹੋਵੇ, ਜਿੱਥੇ ਮੈਡੀਕਲ ਢਾਂਚੇ ਦੀ ਘਾਟ ਹੈ।’’ -ਪੀਟੀਆਈ
ਪਹਿਲੀ ਤਿਮਾਹੀ ’ਚ ਭਾਰਤ ਦੀ ਜੀਡੀਪੀ 20.1 ਫੀਸਦ ਰਹੀ
ਨਵੀਂ ਦਿੱਲੀ: ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਡੇਟਾ ਦੀ ਮੰਨੀਏ ਤਾਂ ਮੌਜੂਦਾ ਵਿੱਤੀ ਵਰ੍ਹੇ ਵਿੱਚ ਅਪਰੈਲ-ਜੂਨ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਕੋਵਿਡ-19 ਦੀ ਤਬਾਹਕੁਨ ਦੂਜੀ ਲਹਿਰ ਦੇ ਬਾਵਜੂਦ 20.1 ਫੀਸਦ ਰਹੀ ਸੀ। ਅੰਕੜਿਆਂ ਮੁਤਾਬਕ ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਕੁੱਲ ਘਰੇਲੂ ਉਤਪਾਦ ਦਰ ਸੁੰਗੜ ਕੇ 24.4 ਫੀਸਦ ਰਹਿ ਗਈ ਸੀ। ਰੁਪਈਆਂ ਵਿੱਚ ਗੱਲ ਕਰੀਏ ਤਾਂ ਅਪਰੈਲ-ਜੂਨ 2021-22 ਵਿੱਚ ਜੀਡੀਪੀ 32,38,020 ਕਰੋੜ ਰੁਪਏ ਸੀ ਜਦੋਂਕਿ ਇਸ ਤੋਂ ਪਿਛਲੇ ਸਾਲ 2019-20 ਵਿੱਚ ਇਹ ਅੰਕੜਾ 35,66,708 ਕਰੋੜ ਰੁਪਏ ਸੀ। -ਪੀਟੀਆਈ