ਨਾਗਪੁਰ, 9 ਜੂਨ
ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਦੇ ਓਐੱਸਡੀ ਰਹਿ ਚੁੱਕੇ ਰਾਮ ਖਾਂਡੇਕਰ ਦਾ ਲੰਬੀ ਬਿਮਾਰੀ ਮਗਰੋਂ ਨਾਗਪੁਰ ਵਿੱਚ ਦੇਹਾਂਤ ਹੋ ਗਿਆ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਹ 87 ਸਾਲ ਦੇ ਸਨ। ਖਾਂਡੇਕਰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਵਾਈਬੀ ਚਵਾਨ ਦੇ ਨਿੱਜੀ ਸਕੱਤਰ ਵੀ ਰਹਿ ਚੁੱਕੇ ਸਨ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਰਾਸ਼ਟਰ ਦੇ ਆਪਣੇ ਜੱਦੀ ਸ਼ਹਿਰ ਨਾਗਪੁਰ ਵਿੱਚ ਆਖ਼ਰੀ ਸਾਹ ਲਿਆ। ਨਰਸਿਮ੍ਹਾ ਰਾਓ ਨੇ 1985 ਵਿੱਚ ਨਾਗਪੁਰ ਵਿੱਚ ਆਪਣੇ ਤਤਕਾਲੀ ਹਲਕੇ ਰਾਮਟੇਕ ਦਾ ਕੰਮਕਾਜ ਸੰਭਾਲਣ ਲਈ ਖਾਂਡੇਕਰ ਨੂੰ ਬੁਲਾਇਆ ਸੀ। ਰਾਓ ਜਦੋਂ 1991 ਵਿੱਚ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਖਾਂਡੇਕਰ ਨੂੰ ਓਐੱਸਡੀ ਲਾਇਆ। ਉਹ ਰਾਓ ਦੇ ਸਭ ਤੋਂ ਭਰੋਸੇਯੋਗ ਮੰਨੇ ਜਾਂਦੇ ਸਨ ਅਤੇ ਅਖ਼ੀਰ ਤੱਕ ਉਨ੍ਹਾਂ ਨਾਲ ਰਹੇ। ਖਾਂਡੇਕਰ ਆਪਣੇ ਕੰਮ-ਕਾਜ ਅਤੇ ਸਿਆਸੀ ਆਗੂਆਂ ਬਾਰੇ ਵੱਖ-ਵੱਖ ਮਰਾਠੀ ਅਖ਼ਬਾਰਾਂ ਵਿੱਚ ਹਮੇਸ਼ਾ ਲਿਖਿਆ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ’ਚ ਪਿੱਛੇ ਪੁੱਤਰ, ਨੂੰਹ ਅਤੇ ਦੋ ਪੋਤਰੇ ਹਨ। -ਪੀਟੀਆਈ