ਨਵੀਂ ਦਿੱਲੀ, 6 ਫਰਵਰੀ
ਉੱਘੇ ਰੰਗਕਰਮੀ ਬੰਸੀ ਕੌਲ ਦਾ ਦਿੱਲੀ ਵਿਚ ਅੱਜ ਉਨ੍ਹਾਂ ਦੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਸਨ। ‘ਰੰਗ ਵਿਦੂਸ਼ਕ’ ਸੰਸਥਾ ਦੇ ਸੀਨੀਅਰ ਕਲਾਕਾਰ ਫਰੀਦ ਬਜ਼ਮੀ ਨੇ ਦੱਸਿਆ ਕਿ ਬੰਸੀ ਕੌਲ ਕੈਂਸਰ ਤੋਂ ਪੀੜਤ ਸਨ ਤੇ ਹਾਲ ਹੀ ਵਿਚ ਉਨ੍ਹਾਂ ਦਾ ਅਪਰੇਸ਼ਨ ਵੀ ਹੋਇਆ ਸੀ। ਉਹ 72 ਵਰ੍ਹਿਆਂ ਦੇ ਸਨ। ਉਨ੍ਹਾਂ ਕਿਹਾ ਕਿ ‘ਨਵੰਬਰ ਮਹੀਨੇ ਤੋਂ ਬਾਅਦ ਬੰਸੀ ਕੌਲ ਦੀ ਸਿਹਤ ਲਗਾਤਾਰ ਵਿਗੜਦੀ ਗਈ।’ ਅੱਜ ਸਵੇਰੇ 8.46 ’ਤੇ ਦਿੱਲੀ ਦੇ ਦੁਆਰਕਾ ਵਿਚ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਕੌਲ ‘ਨੈਸ਼ਨਲ ਸਕੂਲ ਆਫ਼ ਡਰਾਮਾ’ ਤੋਂ ਗ੍ਰੈਜੂਏਟ ਸਨ। ਉਨ੍ਹਾਂ ਭੁਪਾਲ ਵਿਚ ‘ਰੰਗ ਵਿਦੂਸ਼ਕ’ ਦੇ ਨਾਂ ਤੋਂ ਆਪਣੀ ਸੰਸਥਾ ਬਣਾਈ ਸੀ। ਕੌਲ ਨੂੰ 1995 ਵਿਚ ਸੰਗੀਤ ਨਾਟਕ ਅਕਾਦਮੀ ਤੇ 2014 ਵਿਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ। -ਪੀਟੀਆਈ