ਕੇ ਪੀ ਸਿੰਘ
ਗੁਰਦਾਸਪੁਰ, 4 ਸਤੰਬਰ
ਤਿੱਬੜੀ ਛਾਉਣੀ ਵਿੱਚ ਚੱਲ ਰਹੀ ਫੌਜ ਦੀ ਅਗਨੀਵੀਰ ਭਰਤੀ ਦੌਰਾਨ ਲੰਮੀ ਦੌੜ ਲਾਉਂਦਿਆਂ ਦੋ ਨੌਜਵਾਨ ਬੇਹੋਸ਼ ਹੋ ਕੇ ਡਿੱਗ ਪਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੂਸਰੇ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ (20) ਪੁੱਤਰ ਬਲਕਾਰ ਚੰਦ ਵਾਸੀ ਪਿੰਡ ਅਖਰੋਟਾ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ। ਦੂਸਰੇ ਨੌਜਵਾਨ ਰੋਹਿਤ ਪੁੱਤਰ ਜੰਗ ਬਹਾਦਰ ਵਾਸੀ ਪਿੰਡ ਚੰਡੀਗੜ੍ਹ ਜ਼ਿਲ੍ਹਾ ਪਠਾਨਕੋਟ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਤਿੱਬੜੀ ਛਾਉਣੀ ਵਿੱਚ ਪਹਿਲੀ ਸਤੰਬਰ ਤੋਂ ਫੌਜ ਦੀ ਭਰਤੀ ਚੱਲ ਰਹੀ ਹੈ ਤੇ ਅੱਜ ਪਠਾਨਕੋਟ ਨਾਲ ਸਬੰਧਿਤ ਨੌਜਵਾਨਾਂ ਦੀ ਭਰਤੀ ਚੱਲ ਰਹੀ ਸੀ। ਇਸ ਦੌਰਾਨ 1600 ਮੀਟਰ ਦੀ ਦੌੜ ਲਗਾਉਂਦਿਆਂ ਦੋ ਨੌਜਵਾਨ ਡਿੱਗ ਗਏ। ਮ੍ਰਿਤਕ ਦੇ ਦੋਸਤ ਗੌਰਵ ਨੇ ਦੱਸਿਆ ਕਿ ਉਹ ਅਸ਼ਵਨੀ ਨਾਲ ਫ਼ੌਜ ਦੀ ਭਰਤੀ ਵੇਖਣ ਆਇਆ ਸੀ ਤੇ ਚੌਥੇ ਚੱਕਰ ਦੇ ਸਮਾਪਤ ਹੋਣ ਤੋਂ ਥੋੜ੍ਹਾ ਪਹਿਲਾਂ ਹੀ ਅਸ਼ਵਨੀ ਬੇਹੋਸ਼ ਹੋ ਕੇ ਡਿੱਗ ਗਿਆ। ਇਸ ਤੋਂ ਇਲਾਵਾ ਦੂਸਰੇ ਗਰੁੱਪ ਵਿੱਚ ਦੌੜ ਰਿਹਾ ਰੋਹਿਤ ਵੀ ਬੇਹੋਸ਼ ਹੋ ਗਿਆ। ਫ਼ੌਜ ਦੇ ਜਵਾਨ ਉਸ ਨੂੰ ਤੁਰੰਤ ਮਿਲਟਰੀ ਹਸਪਤਾਲ ਲੈ ਗਏ ਜਿੱਥੋਂ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ।
ਮ੍ਰਿਤਕ ਦੇ ਪਿਤਾ ਬਲਕਾਰ ਚੰਦ ਨੇ ਦੱਸਿਆ ਉਸ ਦਾ ਲੜਕਾ ਤਿੰਨ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ। ਐੱਸਡੀਐੱਮ ਅਮਨਦੀਪ ਕੌਰ ਨੇ ਹਸਪਤਾਲ ਜਾ ਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਪ੍ਰਗਟ ਕੀਤੀ।