ਮੁੰਬਈ, 23 ਅਗਸਤ
ਇੱਥੇ ਬੀਤੇ ਦਿਨੀਂ ਦਹੀਂ ਹਾਂਡੀ ਤੋੜਨ ਵੇਲੇ ਜ਼ਖ਼ਮੀ ਹੋਏ ਇੱਕ 24 ਸਾਲਾ ‘ਗੋਵਿੰਦੇ’ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਬਾਮਨਵਾੜੀ ਇਲਾਕੇ ਵਿੱਚ ਜਨਮਅਸ਼ਟਮੀ ਮੌਕੇ ਦਹੀਂ ਹਾਂਡੀ ਤੋੜਦਿਆਂ ਡਿੱਗਣ ਕਾਰਨ ਸ਼ਿਵ ਸ਼ੰਭੂ ਗੋਵਿੰਦਾ ਪਾਠਕ ਗਰੁੱਪ ਦਾ ਮੈਂਬਰ ਸੰਦੇਸ਼ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਮਗਰੋਂ ਉਸ ਨੂੰ ਇਲਾਜ ਲਈ ਨਾਨਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਸੰਦੇਸ਼ ਜ਼ਖ਼ਮੀ ਹੋਇਆ ਸੀ ਤਾਂ ਉਨ੍ਹਾਂ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਉਸ ਦੀ ਮੌਤ ਮਗਰੋਂ ਉਨ੍ਹਾਂ ਇਸ ਵਿੱਚ ਆਈਪੀਸੀ ਦੀ ਧਾਰਾ 304-ਏ ਅਤੇ 338 ਦਾ ਵਾਧਾ ਕਰ ਦਿੱਤਾ ਹੈ। ਇਸ ਸਬੰਧੀ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ