ਮੁੰਬਈ: ਬੰਬੇ ਹਾਈ ਕੋਰਟ ਨੇ ਐਲਗਾਰ ਪਰਿਸ਼ਦ ਕੇਸ ਦੇ ਮੁਲਜ਼ਮ ਕਵੀ ਵਰਵਰਾ ਰਾਓ ਨੂੰ ਆਤਮ-ਸਮਰਪਣ ਲਈ 5 ਫਰਵਰੀ ਤੱਕ ਦੀ ਮੋਹਲਤ ਦੇ ਦਿੱਤੀ ਹੈ। ਸ੍ਰੀ ਰਾਓ ਇਸ ਸਮੇਂ ਮੈਡੀਕਲ ਜ਼ਮਾਨਤ ’ਤੇ ਹਨ। ਜਸਟਿਸ ਐੱਸ ਐੱਸ ਸ਼ਿੰਦੇ ਅਤੇ ਐੱਨ ਆਰ ਬੋਰਕਰ ਦੇ ਬੈਂਚ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਸਿਰਫ਼ ਇਕ ਹਫ਼ਤੇ ਤੱਕ ਆਤਮ-ਸਮਰਪਣ ਦੀ ਤਰੀਕ ਵਧਾਉਣ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ। ਬੈਂਚ ਨੇ ਕਿਹਾ ਕਿ ਮਹਾਰਾਸ਼ਟਰ ’ਚ ਕਰੋਨਾਵਾਇਰਸ ਦੇ ਕੇਸਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ 83 ਵਰ੍ਹਿਆਂ ਦੇ ਕਵੀ ਅਤੇ ਕਾਰਕੁਨ ਨੂੰ ਜੇਲ੍ਹ ’ਚ ਭੇਜਣਾ ਅਕਲਮੰਦੀ ਨਹੀਂ ਹੋਵੇਗੀ। ਨਵੀ ਮੁੰਬਈ ਦੀ ਤਾਲੋਜਾ ਜੇਲ੍ਹ ’ਚ ਬੰਦ ਰਾਓ ਨੂੰ ਹਾਈ ਕੋਰਟ ਦੇ ਦੂਜੇ ਬੈਂਚ ਨੇ ਫਰਵਰੀ 2021 ’ਚ ਮੈਡੀਕਲ ਆਧਾਰ ’ਤੇ ਛੇ ਮਹੀਨਿਆਂ ਦੀ ਆਰਜ਼ੀ ਜ਼ਮਾਨਤ ਦਿੱਤੀ ਸੀ। ਉਨ੍ਹਾਂ ਨੂੰ ਇਲਾਜ ਲਈ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। -ਪੀਟੀਆਈ