ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਅੱਜ ਸ਼ਾਮ ਦਿੱਲੀ ਐੱਨਸੀਆਰ ਵਿੱਚ ਆਈ ਹਨੇਰੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਮੋਰਚਿਆਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਤੰਬੂ-ਝੌਂਪੜੀਆਂ ਨੂੰ ਨੁਕਸਾਨ ਪਹੁੰਚਾਇਆ। ਗਾਜ਼ੀਪੁਰ ਬਾਰਡਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਾਮ ਨੂੰ ਆਈ ਹਨੇਰੀ ਕਾਰਨ ਇਸ ਮੋਰਚੇ ਦੀ ਮੁੱਖ ਸਟੇਜ ਨੁਕਸਾਨੀ ਗਈ। ਸਪੀਕਰ ਟੁੱਟ ਗਏ ਤੇ ਟੈਂਟ ਵੀ ਡਿੱਗ ਪਿਆ। ਖੇਤੀ ਮੋਰਚਿਆਂ ਵਿੱਚ ਸ਼ਾਮਲ ਕਿਸਾਨਾਂ ਨੇ ਹੁਣ ਤੱਕ ਚਾਰ ਵਾਰ ਕੁਦਰਤ ਦੇ ਕਹਿਰ ਦਾ ਸਾਹਮਣਾ ਦਲੇਰੀ ਨਾਲ ਕੀਤਾ ਹੈ। ਬੀਤੇ ਸਾਲ ਦਸੰਬਰ ਵਿੱਚ ਮੀਂਹ ਕਾਰਨ ਕਿਸਾਨਾਂ ਦੇ ਬਿਸਤਰੇ ਭਿੱਜ ਗਏ ਸਨ। ਬੀਤੇ ਮਹੀਨੇ ਵਿੱਚ ਦੋ ਵਾਰ ਕੁਦਰਤੀ ਕਰੋਪੀ ਦਾ ਸ਼ਿਕਾਰ ਕਿਸਾਨ ਬਣੇ ਤੇ ਹੁਣ ਚੌਥੀ ਵਾਰ ਫਿਰ ਹਨੇਰੀ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਇਸੇ ਦੌਰਾਨ ਸ੍ਰੀ ਬਾਜਵਾ ਨੇ ਕਿਹਾ ਕਿ 5 ਜੂਨ ਨੂੰ ਤਿੰਨਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਗਾਜ਼ੀਪੁਰ ’ਚ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵਿਰੋਧ ਵਜੋਂ ਸਾੜੀਆਂ ਜਾਣਗੀਆਂ।