ਛਤਰਪੁਰ, 26 ਸਤੰਬਰ
ਇੱਕ 30 ਸਾਲਾ ਦਲਿਤ ਵਿਅਕਤੀ ਦੇ ਪਰਿਵਾਰ ਨੇ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪੰਚਾਇਤ ਦਫ਼ਤਰ ’ਚ ਕੁਰਸੀ ਦੇ ਬੈਠਣ ’ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਹਾਲਾਂਕਿ ਥਾਣਾ ਬੀਜਾਵਰ ਦੇ ਉਪ ਮੰਡਲ ਅਧਿਕਾਰੀ ਰਘੂ ਕੇਸਰੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿਅਕਤੀ ਨੂੰ ਕੁਰਸੀ ’ਤੇ ਬੈਠਣ ਕਾਰਨ ਨਹੀਂ ਕੁੱਟਿਆ ਗਿਆ, ਸਗੋਂ ਇਹ ਦੋ ਧੜਿਆਂ ਦੀ ਨਿੱਜੀ ਰੰਜ਼ਿਸ਼ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ। ਵਿਅਕਤੀ ਦੀ ਪਤਨੀ ਅਤੇ ਇੱਕ ਪੰਚਾਇਤ ਅਧਿਕਾਰੀ ਨੇ ਦੱਸਿਆ ਕਿ ਮਤਗੁਆਂ ਥਾਣੇ ਅਧੀਨ ਪੈਂਦੇ ਪਿੰਡ ਚੌਕਾ ਵਿੱਚ ਵਾਪਰੇ ਹਾਦਸੇ ਦੌਰਾਨ ਪੀੜਤ ਦੇ ਗੰਭੀਰ ਸੱਟਾਂ ਲੱਗੀਆਂ ਹਨ। ਮੀਡੀਆ ਨਾਲ ਗੱਲ ਕਰਦਿਆਂ ਪੀੜਤ ਦੀ ਪਤਨੀ ਨੇ ਦੋਸ਼ ਲਗਾਏ ਕਿ ਸ਼ਨਿਚਰਵਾਰ ਨੂੰ ਪੰਚਾਇਤ ਦਫ਼ਤਰ ਵਿੱਚ ਕੁਰਸੀ ’ਤੇ ਬੈਠਣ ਕਾਰਨ ਉਸ ਦੇ ਪਤੀ ਨੂੰ ਰੋਹਿਤ ਸਿੰਘ ਠਾਕੁਰ ਨਾਂ ਦੇ ਵਿਅਕਤੀ ਨੇ ਕੁੱਟਿਆ। ਠਾਕੁਰ ਨੇ ਇਤਰਾਜ ਕੀਤਾ ਸੀ ਕਿ ਇੱਕ ਦਲਿਤ ਵਿਅਕਤੀ ਉਸ ਦੇ ਸਾਹਮਣੇ ਕੁਰਸੀ ’ਤੇ ਕਿਵੇਂ ਬੈਠ ਸਕਦਾ ਹੈ। ਮਹਿਲਾ ਨੇ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਫ਼ਿਕਰ ਵੀ ਜ਼ਾਹਿਰ ਕੀਤਾ ਹੈ। ਚੌਕਾ ਪਿੰਡ ਦੇ ਪੰਚਾਇਤ ਸਕੱਤਰ ਅਰਵਿੰਦ ਕੁਮਾਰ ਅਹੀਰਵਾਰ ਨੇ ਕਿਹਾ ਕਿ ਪੀੜਤ ਵਿਅਕਤੀ ਸ਼ਨਿਚਰਵਾਰ ਨੂੰ ਉਨ੍ਹਾਂ ਦੇ ਦਫ਼ਤਰ ਕਪਿਲ ਧਾਰਾ ਯੋਜਨਾ ਤਹਿਤ ਕਾਗਜ਼ ਜਮ੍ਹਾਂ ਕਰਵਾਉਣ ਲਈ ਆਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਠਾਕੁਰ ਨੇ ਵਿਅਕਤੀ ਦੇ ਕੁਰਸੀ ’ਤੇ ਬੈਠਣ ਕਾਰਨ ਇਤਰਾਜ਼ ਜਤਾਇਆ ਅਤੇ ਉਸ ਨੂੰ ਕੁੱਟਿਆ। -ਪੀਟੀਆਈ