ਪੁਣੇ, 4 ਸਤੰਬਰ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅਦਾਲਤ ਵਿਚ ਜਿਰ੍ਹਾ ਦੌਰਾਨ ਅਪੀਲ ਕੀਤੀ ਕਿ 2013 ਵਿਚ ਹੋਏ ਤਰਕਸ਼ੀਲ ਡਾ. ਨਰੇਂਦਰ ਦਾਭੋਲਕਰ ਦੇ ਕਤਲ ਦੇ ਮਾਮਲੇ ਵਿਚ ਪੰਜ ਜਣਿਆਂ ਖ਼ਿਲਾਫ਼ ਇਕ ਵਰਗ ਦੇ ਲੋਕਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਗੈਰਕਾਨੂੰਨ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਮੁਕੱਦਮਾ ਚਲਾਇਆ ਜਾਵੇ। ਇੱਥੇ ਵਧੀਕ ਸੈਸ਼ਨ ਜੱਜ (ਵਿਸ਼ੇਸ਼ ਅਦਾਲਤ ਜੱਜ) ਐੱਸ.ਆਰ. ਨਾਵਾਂਦਰ ਸਾਹਮਣੇ ਪੰਜ ਮੁਲਜ਼ਮਾਂ ਡਾ. ਵੀਰੇਂਦਰ ਸਿੰਘ ਤਾਵੜੇ, ਸ਼ਰਦ ਕਲਸਕਰ, ਸਚਿਨ ਆਂਦੁਰੇ, ਐਡਵੋਕੇਟ ਸੰਜੀਵ ਪੁਨਾਲੇਕਰ ਅਤੇ ਵਿਕਰਮ ਭਾਵੇ ਖ਼ਿਲਾਫ਼ ਦੋਸ਼ ਸਾਬਿਤ ਕਰਨ ਸਬੰਧੀ ਦਲੀਲਾਂ ਰੱਖੀਆਂ ਗਈਆਂ। ਇਸ ਦੌਰਾਨ ਸਰਕਾਰੀ ਵਕੀਲ ਪ੍ਰਕਾਸ਼ ਸੂਰਿਆਵੰਸ਼ੀ ਨੇ ਸੀਬੀਆਈ ਵੱਲੋਂ ਜਿਰ੍ਹਾ ਕਰਦਿਆਂ ਮੁਲਜ਼ਮਾਂ ’ਤੇ ਆਈਪੀਸੀ ਦੀਆਂ ਧਾਰਾਵਾਂ 120 ਬੀ (ਅਪਰਾਧਿਕ ਸਾਜ਼ਿਸ਼), 120ਬੀ ਦੇ ਨਾਲ 302 (ਕਤਲ), ਸ਼ਸਤਰ ਐਕਟ ਦੀਆਂ ਸਬੰਧਤ ਧਾਰਾਵਾਂ ਅਤੇ ਯੂਏਪੀਏ ਦੀ ਧਾਰਾ 16 (ਅਤਿਵਾਦੀ ਕਾਰਵਾਈ ਲਈ ਸਜ਼ਾ) ਤਹਿਤ ਦੋਸ਼ ਲਗਾਏ। ਉਨ੍ਹਾਂ ਯੂਏਪੀਏ ਦੀ ਧਾਰਾ 16 ’ਤੇ ਜ਼ੋਰ ਦਿੱਤਾ ਅਤੇ ਦਲੀਲ ਪੇਸ਼ ਕੀਤੀ ਕਿ ਇਸ ਮਾਮਲੇ ਵਿਚ ਇਸ ਨੂੰ ਲਾਗੂ ਕਰਨਾ ਜ਼ਰੂਰੀ ਕਿਉਂ ਹੈ। -ਪੀਟੀਆਈ