ਮੁੰਬਈ, 6 ਸਤੰਬਰ
ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਅੱਜ ਮੁੰਬਈ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 54 ਸਾਲਾ ਮਿਸਤਰੀ ਦੀ ਐਤਵਾਰ ਨੂੰ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦਾ ਸਸਕਾਰ ਕੇਂਦਰੀ ਮੁੰਬਈ ਦੇ ਵਰਲੀ ਸਥਿਤ ਬਿਜਲਈ ਸ਼ਮਸ਼ਾਨਘਾਟ ਵਿੱਚ ਪਾਰਸੀ ਰੀਤੀ-ਰਿਵਾਜਾਂ ਮੁਤਾਬਕ ਕੀਤਾ ਗਿਆ।
ਇਸ ਮੌਕੇ ਮੋਹਰੀ ਉਦਯੋਗਪਤੀ ਰਤਨ ਟਾਟਾ ਦੀ ਮਤਰੇਈ ਮਾਂ ਸਿਮੋਨ ਟਾਟਾ ਵੀ ਮੌਜੂਦ ਸੀ। ਮਿਸਤਰੀ 2012 ਤੋਂ 2016 ਤੱਕ ਟਾਟਾ ਸੰਨਜ਼ ਦੇ ਚੇਅਰਮੈਨ ਰਹੇ ਸਨ। ਮਿਸਤਰੀ ਨੇ ਟਾਟਾ ਕੰਪਨੀ ਨਾਲ ਅਖ਼ੀਰ ਤੱਕ ਕਾਨੂੰਨੀ ਲੜਾਈ ਲੜੀ ਸੀ। ਟਾਟਾ ਗਰੁੱਪ ਦਾ ਕੋਈ ਵੀ ਸੀਨੀਅਰ ਅਧਿਕਾਰੀ ਅੰਤਿਮ ਰਸਮਾਂ ਮੌਕੇ ਨਜ਼ਰ ਨਹੀਂ ਆਇਆ।
ਟਾਟਾ ਦੇ ਪ੍ਰਮੁੱਖ ਕਾਰਜਕਾਰੀਆਂ ਵਿੱਚੋਂ ਇੱਕ ਮਧੂ ਕੰਨਨ ਹੀ ਇਸ ਮੌਕੇ ਮੌਜੂਦ ਸਨ। ਅੰਤਿਮ ਰਸਮਾਂ ਵਿੱਚ ਸਾਇਰਸ ਮਿਸਤਰੀ ਦੇ ਵੱਡੇ ਭਰਾ ਸ਼ਪੂਰ ਮਿਸਤਰੀ, ਸਹੁਰਾ ਤੇ ਸੀਨੀਅਰ ਵਕੀਲ ਇਕਬਾਲ ਚਗਲਾ, ਉਦਯੋਗਪਤੀ ਅਨਿਲ ਅੰਬਾਨੀ, ਅਜੀਤ ਗੁਲਾਬਚੰਦ, ਦੀਪਕ ਪਾਰੇਖ ਅਤੇ ਵਿਸ਼ਾਲ ਕੰਪਾਨੀ, ਉਦਮੀ ਰੌਨੀ ਸਕਰਿਊਵਾਲਾ, ਆਰਕੀਟੈਕਟ ਹਫ਼ੀਜ਼ ਕੰਟਰੈਕਟਰ, ਐੱਨਸੀਪੀ ਆਗੂ ਸੁਪ੍ਰਿਆ ਸੂਲੇ ਅਤੇ ਗਣੇਸ਼ ਨਾਇਕ ਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਿਲਿੰਦ ਦਿਓੜਾ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸਵੇਰੇ ਫੁੱਲਾਂ ਨਾਲ ਸਜੀ ਮਿਸਤਰੀ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਤੋਂ ਸ਼ਮਸ਼ਾਨਘਾਟ ਲਿਆਂਦਾ ਗਿਆ ਅਤੇ ਦੁਪਹਿਰ ਤੋਂ ਪਹਿਲਾਂ ਅੰਤਿਮ ਸੰਸਕਾਰ ਕੀਤਾ ਗਿਆ। -ਪੀਟੀਆਈ