ਗਾਜ਼ੀਆਬਾਦ (ਯੂਪੀ): ਲੋਨੀ ਦੀ ਬਾਬੁਲ ਬਾਗ਼ ਕਲੋਨੀ ਵਿੱਚ ਰਸੋਈ ਗੈਸ ਸਿਲੰਡਰ ਫਟਣ ਕਾਰਨ ਦੋ ਮੰਜ਼ਿਲਾ ਇਮਾਰਤ ਢਹਿ ਗਈ ਅਤੇ ਇਸ ਹੇਠ ਦੱਬਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਥਾਣਾ ਲੋਨੀ ਅਧੀਨ ਆਉਂਦੇ ਨਿਥੌਰਾ ਪਿੰਡ ਦੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪਤਾ ਚੱਲਿਆ ਹੈ ਕਿ ਮੁਨੀਰ ਨਾਮ ਦਾ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰ ਇਸ ਇਮਾਰਤ ਵਿੱਚ ਰਹਿ ਰਹੇ ਸਨ। ਐੱਸਪੀ (ਦਿਹਾਤੀ) ਇਰਾਜ ਰਜ਼ਾ ਨੇ ਦੱਸਿਆ ਕਿ 112 ਨੰਬਰ ’ਤੇ ਸੂਚਨਾ ਮਿਲੀ ਸੀ ਕਿ ਲੋਨੀ ਵਿੱਚ ਗੈਸ ਸਿਲੰਡਰ ਫੱਟ ਗਿਆ ਹੈ। ਦੋ ਮੰਜ਼ਿਲਾ ਇਮਾਰਤ ਢਹਿ ਗਈ ਹੈ ਅਤੇ ਇਸ ਹੇਠ ਕਈ ਲੋਕ ਦਬ ਗਏ ਹਨ। ਉਨ੍ਹਾਂ ਦੱਸਿਆ ਕਿ ਮਲਬੇ ਹੇਠੋਂ ਛੇ ਜਣਿਆਂ ਨੂੰ ਕੱਢਿਆ ਗਿਆ। ਇਨ੍ਹਾਂ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਦੋ ਗੰਭੀਰ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। -ਏਐੱਨਆਈ