ਨਵੀਂ ਦਿੱਲੀ/ਕੋਲਕਾਤਾ/ਭੁਬਨੇਸ਼ਵਰ, 7 ਮਈ
ਮੁੱਖ ਅੰਸ਼
- ਬੰਗਾਲ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਬਾਰਿਸ਼ ਨਾਲ ਝੁੱਲੇਗਾ ਝੱਖੜ
- ਤੂਫ਼ਾਨ ਦੇ 10 ਮਈ ਤੱਕ ਤੱਟ ਨਾਲ ਟਕਰਾਉਣ ਦੀ ਸੰਭਾਵਨਾ
ਬੰਗਾਲ ਦੀ ਖਾੜੀ ਉਤੇ ਬਣ ਰਹੇ ਤੂਫ਼ਾਨ ਦੇ ਭਲਕ ਸ਼ਾਮ ਤੱਕ ਚੱਕਰਵਾਤ ਵਿਚ ਤਬਦੀਲ ਹੋਣ ਦੀ ਸੰਭਾਵਨਾ ਹੈ। ਤੂਫ਼ਾਨ ਦੀ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ ਇਹ ਉੱਤਰੀ ਆਂਧਰਾ ਪ੍ਰਦੇਸ਼ ਤੇ ਉੜੀਸਾ ਵੱਲ ਵੱਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਤੂਫ਼ਾਨ 10 ਮਈ ਨੂੰ ਤੱਟ ਉਤੇ ਪਹੁੰਚੇਗਾ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਤੂਫ਼ਾਨ ਕਿੱਥੇ ਟਕਰਾਏਗਾ। ਹਵਾ ਦੀ ਗਤੀ ਬਾਰੇ ਵੀ ਅਜੇ ਮੌਸਮ ਵਿਭਾਗ ਨੇ ਪੱਕੇ ਤੌਰ ’ਤੇ ਕੁਝ ਨਹੀਂ ਦੱਸਿਆ ਹੈ। ਨੌਂ ਮਈ ਤੋਂ ਸਾਗਰ ਵਿਚ ਵੱਡੀਆਂ ਲਹਿਰਾਂ ਉੱਠ ਸਕਦੀਆਂ ਹਨ ਤੇ ਮਛੇਰਿਆਂ ਨੂੰ ਦੂਰ ਰਹਿਣ ਲਈ ਕਿਹਾ ਗਿਆ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਮੁਤਾਬਕ ਤੂਫ਼ਾਨ ਸ਼ਨਿਚਰਵਾਰ 11.30 ਵਜੇ ਤੱਕ ਨਿਕੋਬਾਰ ਟਾਪੂ ਦੇ ਪੱਛਮ ਵੱਲ 170 ਕਿਲੋਮੀਟਰ ਦੂਰ ਸੀ ਤੇ ਪੋਰਟ ਬਲੇਅਰ ਦੇ ਦੱਖਣ-ਪੱਛਮ ਵੱਲ ਇਹ 300 ਕਿਲੋਮੀਟਰ ਦੂਰੀ ’ਤੇ ਸੀ। ਮੌਸਮ ਵਿਭਾਗ ਨੇ ਕਿਹਾ ਕਿ ਜੇ ਇਹ ਚੱਕਰਵਾਤ ਵਿਚ ਤਬਦੀਲ ਹੋ ਗਿਆ ਤਾਂ ਇਸ ਦਾ ਨਾਂ ‘ਆਸਨੀ’ ਹੋਵੇਗਾ।
ਮੌਸਮ ਵਿਭਾਗ ਨੇ ਕਿਹਾ ਕਿ ਸ਼ਨਿਚਰਵਾਰ ਤੋਂ ਬਾਅਦ ਸਮੁੰਦਰ ’ਚ ਵੱਡੀਆਂ ਲਹਿਰਾਂ ਉੱਠ ਸਕਦੀਆਂ ਹਨ। ਇਸ ਦੌਰਾਨ ਮਛੇਰਿਆਂ ਨੂੰ ਸ਼ਨਿਚਰਵਾਰ ਤੇ ਐਤਵਾਰ ਅੰਡੇਮਾਨ ਸਾਗਰ ਤੇ ਬੰਗਾਲ ਦੀ ਖਾੜੀ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਵਿਭਾਗ ਮੁਤਾਬਕ ਸੋਮਵਾਰ ਤੱਕ ਬੰਗਾਲ ਦੀ ਖਾੜੀ ਦੀ ਸਥਿਤੀ ਹੋਰ ਖ਼ਰਾਬ ਹੋ ਸਕਦੀ ਹੈ। ਮੌਸਮ ਵਿਭਾਗ ਨੇ ਐਤਵਾਰ ਤੱਕ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿਚ ਮੱਛੀ ਫੜਨ ਅਤੇ ਸੈਰ-ਸਪਾਟਾ ਗਤੀਵਿਧੀਆਂ ਬੰਦ ਰੱਖਣ ਦਾ ਸੁਝਾਅ ਦਿੱਤਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਇਸ ਦੌਰਾਨ ਜ਼ਿਆਦਾ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਬਿਜਲੀ ਤੇਜ਼ ਝੱਖੜ ਵੀ ਝੁੱਲ ਸਕਦਾ ਹੈ। ਚੱਕਰਵਾਤੀ ਤੂਫ਼ਾਨ ਦੀ ਵਰਤਮਾਨ ਸਥਿਤੀ ਦੇ ਮੱਦੇਨਜ਼ਰ ਅਗਲੇ ਹਫ਼ਤੇ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਨਾਲ ਝੱਖੜ ਝੁੱਲਣ ਦੀ ਸੰਭਾਵਨਾ ਹੈ। -ਪੀਟੀਆਈ