ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 26 ਮਈ
ਚੱਕਰਵਾਤੀ ਤੂਫਾਨ ਯਾਸ ਪ੍ਰਚੰਡ ਚੱਕਰਵਾਤੀ ਤੂਫਾਨ ਵਿਚ ਤਬਦੀਲ ਹੋ ਗਿਆ ਹੈ ਤੇ ਇਹ ਅੱਜ ਸਵੇਰੇ 9 ਵਜੇ ਦੇ ਕਰੀਬ ਉੜੀਸਾ ਦੇ ਸਾਹਿਲ ਉੱਤੇ ਬਾਲਾਸੋਰ ਤੋਂ 50 ਕਿਲੋਮੀਟਰ ਦੂਰ ਧਾਮਰਾ ਬੰਦਰਗਾਹ ਤੇ ਬਾਹਾਨਾਗਾ ਦੇ ਦੱਖਣ ਵਿਚ ਤੱਟੀ ਖੇਤਰਾਂ ਨਾਲ ਟਕਰਾ ਗਿਆ। ਡੋਪਲਰ ਰਡਾਰ ਡੇਟਾ ਮੁਤਾਬਕ ਇਸ ਮੌਕੇ ਹਵਾਵਾਂ ਦੀ ਰਫ਼ਤਾਰ 130 ਤੋਂ 140 ਕਿਲੋਮੀਟਰ ਪ੍ਰਤੀ ਘੰਟਾ ਸੀ , ਜੋ ਵੱਧ ਕੇ 150 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਉੜੀਸਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ ਪੀ.ਕੇ. ਜੇਨਾ ਨੇ ਕਿਹਾ ਕਿ ਤੂਫਾਨ ਦਸਤਕ ਦੇ ਚੁੱਕਾ ਹੈ, ਤੇ ਇਸ ਪੂਰੇ ਅਮਲ ਨੂੰ ਮੁਕੰਮਲ ਹੋਣ ਵਿਚ 3 ਤੋਂ 4 ਘੰਟੇ ਲੱਗਣਗੇ।ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐੱਮ. ਮੋਹਾਪਾਤਰਾ ਨੇ ਦੱਸਿਆ ਕਿ ਪੱਛਮੀ ਬੰਗਾਲ, ਉੜੀਸਾ ਤੇ ਝਾਰਖੰਡ ਦੇ ਸਾਹਿਲੀ ਖੇਤਰਾਂ ਵਿਚੋਂ 12 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ਉੱਤੇ ਤਬਦੀਲ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਉੜੀਸਾ ਤੇ ਪੱਛਮੀ ਬੰਗਾਲ ਦੇ ਸਾਹਿਲਾਂ ਲਈ ਲਾਲ-ਕੋਡ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਭਾਰਤੀ ਏਅਰਪੋਰਟ ਅਥਾਰਿਟੀ ਨੇ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਉੱਤੇ ਅੱਜ ਸਵੇਰੇ ਸਾਢੇ ਅੱਠ ਵਜੇ ਤੋਂ ਸ਼ਾਮ ਪੌਣੇ ਅੱਠ ਵਜੇ ਤੱਕ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਭੁਬਨੇਸ਼ਵਰ ਦਾ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡਾ ਵੀ ਵੀਰਵਾਰ ਸਵੇਰੇ 5 ਵਜੇ ਤੱਕ ਬੰਦ ਰਹੇਗਾ।
ਚੱਕਰਵਾਤੀ ਤੂਫ਼ਾਨ ਕਰਕੇ ਇਕ ਕਰੋੜ ਲੋਕ ਹੋਏ ਅਸਰਅੰਦਾਜ਼, ਤਿੰਨ ਲੱਖ ਘਰਾਂ ਨੂੰ ਨੁਕਸਾਨ ਪੁੱਜਾ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ ‘ਯਾਸ’ ਕਰ ਕੇ ਬਣੇ ਮੁਸ਼ਕਲ ਮੌਸਮੀ ਹਾਲਾਤ ਕਰਕੇ ਇਕ ਕਰੋੜ ਤੋਂ ਵੱਧ ਲੋਕ ਅਸਰਅੰਦਾਜ਼ ਹੋਏ ਹਨ ਤੇ ਤਿੰਨ ਲੱਖ ਘਰਾਂ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ ਕਿ ਮੱਛੀਆਂ ਫੜਨ ਲਈ ਘਰੋਂ ਨਿਕਲੇ ਇਕ ਸਖ਼ਸ਼ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 15 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ, ‘‘ਮੇਂ ਜਲਦੀ ਹੀ ਪੂਰਬੀ ਮੇਦਨੀਪੁਰ, ਦੱਖਣੀ 24 ਪਰਗਣਾ ਤੇ ਉੱਤਰੀ 24 ਪਰਗਣਾ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕਰਾਂਗੀ। ਪਰ ਨੁਕਸਾਨ ਸਬੰਧੀ ਸਥਿਤੀ ਸਾਫ਼ ਹੋਣ ਨੂੰ ਅਜੇ ਘੱਟੋ ਘੱਟ 72 ਘੰਟਿਆਂ ਦਾ ਸਮਾਂ ਲੱਗੇਗਾ। -ਪੀਟੀਆਈ