ਪਟਨਾ, 13 ਅਪਰੈਲ
ਸਾਈਬਰ ਅਪਰਾਧੀਆਂ ਵੱਲੋਂ ਬਿਹਾਰ ਦੇ ਇਕ ਮੰਤਰੀ ਦੇ ਨਾਂ ’ਤੇ ਜਾਅਲੀ ਫੇਸਬੁੱਕ ਖਾਤਾ ਬਣਾ ਕੇ ਲੋਕਾਂ ਤੋਂ ਪੈਸੇ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅਪਰਾਧੀਆਂ ਨੇ ਕੈਬਨਿਟ ਮੰਤਰੀ ਸੁਭਾਸ਼ ਸਿੰਘ ਦੇ ਨਾਂ ’ਤੇ ਖਾਤਾ ਬਣਾਇਆ ਤੇ ਉਨ੍ਹਾਂ ਦੇ ਹਮਾਇਤੀਆਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਵੇਰਵਿਆਂ ਮੁਤਾਬਕ ਗੋਪਾਲਗੰਜ ਜ਼ਿਲ੍ਹੇ ਵਿਚ ਜਦ ਇਕ ਵਿਅਕਤੀ ਤੋਂ ਪੈਸੇ ਮੰਗੇ ਗਏ ਤਾਂ ਉਸ ਨੇ ਕੈਬਨਿਟ ਮੰਤਰੀ ਦੇ ਦਫ਼ਤਰ ਨਾਲ ਸੰਪਰਕ ਕੀਤਾ। ਦਫ਼ਤਰ ਦੇ ਸਟਾਫ਼ ਨੇ ਇਸ ਤਰ੍ਹਾਂ ਫੇਸਬੁੱਕ ਖਾਤੇ ਰਾਹੀਂ ਪੈਸੇ ਮੰਗਣ ਤੋਂ ਇਨਕਾਰ ਕਰ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਨੂੰ ਸਾਈਬਰ ਸੈੱਲ ਕੋਲ ਜਾਂਚ ਲਈ ਭੇਜਿਆ ਗਿਆ ਹੈ। -ਪੀਟੀਆਈ