ਨਵੀਂ ਦਿੱਲੀ, 16 ਅਗਸਤ
ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦੀ ਚੌਕਸੀ ਨਾਲ ਭ੍ਰਿਸ਼ਟਾਚਾਰ ਅਤੇ ਫੰਡਾਂ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਮਦਦ ਮਿਲੀ। ਸੀਵੀਸੀ ਨੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਅਤੇ ਸੰਸਥਾਵਾਂ ਤੋਂ ਅਜਿਹੇ ਕਰਮਚਾਰੀਆਂ ਦੀਆਂ ਨਾਮਜ਼ਦਗੀਆਂ ਮੰਗੀਆਂ ਹਨ ਤਾਂ ਕਿ ਉਨ੍ਹਾਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਜਾ ਸਕੇ ਅਤੇ ਹੋਰਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਸੀਵੀਸੀ ਨੇ ਇੱਕ ਆਦੇਸ਼ ਵਿੱਚ ਕਿਹਾ, ‘‘ਹਰੇਕ ਸੰਸਥਾ ਵਿੱਚ ਅਜਿਹੇ ਮਾਮਲੇ ਹੁੰਦੇ ਹਨ, ਜਿਨ੍ਹਾਂ ਵਿੱਚ ਅਧਿਕਾਰੀਆਂ/ਕਰਮਚਾਰੀਆਂ ਦੀ ਫੌਰੀ ਕਾਰਵਾਈ ਸੰਸਥਾ ਵਿੱਚ ਫੰਡ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।’’ ਇਸ ਵਿੱਚ ਕਿਹਾ ਗਿਆ ਹੈ ਕਿ ਕਮਿਸ਼ਨ ਅਜਿਹੇ ਚੌਕਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦਾ ਲਗਾਤਾਰ ਯਤਨ ਕਰਦਾ ਰਿਹਾ ਹੈ, ਜਿਨ੍ਹਾਂ ਕੀ ਕਾਰਵਾਈ ਕਾਰਨ ਫੰਡ ਦੀ ਦੁਰਵਰਤੋਂ ਰੁਕੀ, ਧੋਖਾਧੜੀ ਅਤੇ ਗੈਰਜ਼ਰੂਰੀ ਘਟਨਾਵਾਂ ਨੂੰ ਟਾਲਿਆ ਜਾ ਸਕਿਆ ਅਤੇ ਸੰਸਥਾ ਦਾ ਆਰਥਿਕ ਅਤੇ ਵੱਕਾਰੀ ਜ਼ੋਖ਼ਮ ਤੋਂ ਬਚਾਅ ਕੀਤਾ ਜਾ ਸਕਿਆ।’’ -ਪੀਟੀਆਈ