ਨਵੀਂ ਦਿੱਲੀ, 28 ਅਪਰੈਲ
ਹਵਾਈ ਸੈਨਾ ਮੁਖੀ ਵੀ.ਆਰ. ਚੌਧਰੀ ਨੇ ਅੱਜ ਕਿਹਾ ਕਿ ਮੌਜੂਦਾ ਭੂ-ਰਾਜਨੀਤਕ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਹਨ ਅਜਿਹੇ ’ਚ ਭਾਰਤੀ ਹਵਾਈ ਸੈਨਾ ਨੂੰ ਹਰ ਸਮੇਂ ਜੰਗੀ ਮੁਹਿੰਮਾਂ ਲਈ ਤਿਆਰ ਰਹਿਣ ਦੀ ਲੋੜ ਹੈ। ਏਅਰ ਚੀਫ ਮਾਰਸ਼ਲ ਚੌਧਰੀ ਨੇ ਇੱਥੇ ਇੱਕ ਸੰਮੇਲਨ ’ਚ ਕਿਹਾ ਕਿ ਸਮੇਂ ਤੇ ਹਾਲਾਤ ਨੂੰ ਦੇਖਦਿਆਂ ਸੈਨਾ ਨੂੰ ਕਿਸੇ ਵੀ ਸਮੇਂ ਲੱਗਣ ਵਾਲੀ ਜੰਗ ਤੇ ਪੂਰਬੀ ਲੱਦਾਖ ਵਰਗੇ ਲੰਮੇ ਸਮੇਂ ਤੱਕ ਚੱਲਣ ਵਾਲੇ ਵਿਵਾਦਾਂ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਤਕਰੀਬਨ ਦੋ ਸਾਲਾਂ ਤੋਂ ਪੂਰਬੀ ਲੱਦਾਖ ’ਚ ਵਿਵਾਦ ਜਾਰੀ ਹੈ। ਹਾਲਾਂਕਿ ਦੋਵਾਂ ਧਿਰਾਂ ਨੇ ਕਈ ਦੌਰ ਦੀ ਫੌਜੀ ਤੇ ਸਿਆਸੀ ਵਾਰਤਾ ਤੋਂ ਬਾਅਦ ਕਈ ਖੇਤਰਾਂ ’ਚੋਂ ਆਪੋ-ਆਪਣੀਆਂ ਫੌਜਾਂ ਨੂੰ ਹਟਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਹਾਲ ਹੀ ਦੇ ਤਜਰਬੇ ਤੇ ਭੂ-ਰਾਜਨੀਤਕ ਹਾਲਾਤ ਉਨ੍ਹਾਂ ਨੂੰ ਹਰ ਸਮੇਂ ਮੁਹਿੰਮ ਲਈ ਤੇ ਸਾਜ਼ੋ-ਸਾਮਾਨ ਪੱਖੋਂ ਤਿਆਰ ਰਹਿਣ ਦੀ ਲੋੜ ’ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਸਾਜ਼ੋ-ਸਾਮਾਨ ਦੀ ਮਦਦ ਕਰਨਾ ਚੁਣੌਤੀ ਭਰਿਆ ਕੰਮ ਹੋਵੇਗਾ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਲਈ ਸਰੋਤਾਂ ਨੂੰ ਜੋੜਨ ਤੇ ਉਨ੍ਹਾਂ ਦੀ ਢੋਆ-ਢੁਆਈ ਸੰਭਵ ਬਣਾਉਣ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ, ‘ਦੇਸ਼ ਦੇ ‘ਆਤਮ ਨਿਰਭਰ ਭਾਰਤ’ ਦੇ ਟੀਚੇ ਨੂੰ ਹਾਸਲ ਕਰਨ ਲਈ ਮਹੱਤਵਪੂਰਨ ਤੱਤਾਂ ਦੇ ਸਵਦੇਸ਼ੀਕਰਨ ਲਈ ਇੱਕ ਕੇਂਦਰਿਤ ਕਾਰਜ ਯੋਜਨਾ ਵਿਕਸਤ ਕਰਨ ਦੀ ਵੀ ਲੋੜ ਹੈ।’ ਉਨ੍ਹਾਂ ਏਕੀਕ੍ਰਿਤ ਸੜਕ ਤੇ ਰੇਲ ਪ੍ਰਬੰਧਨ ਯੋਜਨਾ ਨੂੰ ਰਸਮੀ ਰੂਪ ਦੇਣ ਤੇ ਵੱਡੇ ਜਹਾਜ਼ਾਂ ਦੀ ਵਰਤੋਂ ਤੇ ਕੰਟੇਨਰ ’ਚ ਵੱਡੀ ਮਾਤਰਾ ’ਚ ਸਮੱਗਰੀ ਲਿਜਾਣ ਦੀ ਵਿਹਾਰਕਤਾ ਦਾ ਪਤਾ ਲਾਉਣ ਦਾ ਵੀ ਸੱਦਾ ਦਿੱਤਾ। -ਪੀਟੀਆਈ