ਨਵੀਂ ਦਿੱਲੀ: ਕੇਂਦਰੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ (ਸੀਯੂਈਟੀ)-ਯੂਜੀ 2022 ਦੇ ਚੌਥੇ ਗੇੜ ਦੀ ਪ੍ਰੀਖਿਆ ਭਲਕੇ ਬੁੱਧਵਾਰ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਲਗਪਗ 3.60 ਲੱਖ ਉਮੀਦਵਾਰਾਂ ਦੇ ਬੈਠਣ ਦੀ ਉਮੀਦ ਹੈ। ਚੌਥੇ ਗੇੜ ਦੀ ਪ੍ਰੀਖਿਆ 17 ਤੋਂ 20 ਅਗਸਤ ਤੱਕ ਹੋਵੇਗੀ। ਪਸੰਦੀਦਾ ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰ ਮੁਹੱਈਆ ਕਰਵਾਉਣ ਲਈ 11,000 ਉਮੀਦਵਾਰਾਂ ਦੀ ਪ੍ਰੀਖਿਆ 30 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੀਯੂਈਟੀ-ਯੂਜੀ ਦੇ ਸਾਰੇ ਗੇੜ 20 ਅਗਸਤ ਤੱਕ ਮੁਕੰਮਲ ਕਰਨ ਦੀ ਯੋਜਨਾ ਸੀ। ਨੈਸ਼ਨਲ ਟੈਸਟਿੰਗ ਏਜੰਸੀ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਇਸ ਪ੍ਰੀਖਿਆ ਦੇ ਸਾਰੇ ਗੇੜ 28 ਅਗਸਤ ਤੱਕ ਮੁਕੰਮਲ ਕਰ ਲਏ ਜਾਣਗੇ। ਹੁਣ ਪ੍ਰੀਖਿਆ ਨੂੰ ਅੱਗੇ ਪਾ ਦਿੱਤਾ ਗਿਆ ਹੈ ਤੇ ਇਹ ਪ੍ਰੀਖਿਆ ਛੇ ਗੇੜਾਂ ਵਿੱਚ ਵੰਡੀ ਗਈ ਹੈ। -ਪੀਟੀਆਈ