ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਕਿਹਾ ਕਿ ਤਕਨੀਕੀ ਨੁਕਸ ਕਾਰਨ ਪਿਛਲੇ ਹਫ਼ਤੇ ਪ੍ਰੀਖਿਆ ਰੱਦ ਹੋਣ ਕਰਕੇ ਪ੍ਰਭਾਵਿਤ ਹੋਏ ਉਮੀਦਵਾਰਾਂ ਲਈ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ)-ਯੂਜੀ 24 ਤੋਂ 28 ਅਗਸਤ ਤੱਕ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਨਵੇਂ ਐਡਮਿਟ ਕਾਰਡ (ਦਾਖਲਾ ਪੱਤਰ) ਜਾਰੀ ਕੀਤੇ ਜਾਣਗੇ। ਐੱਨਟੀਏ ਦੀ ਸੀਨੀਅਰ ਡਾਇਰੈਕਟਰ ਸਾਧਨਾ ਪਰਾਸ਼ਰ ਨੇ ਕਿਹਾ , ‘‘ਦੂਜੇ ਪੜਾਅ ਵਿੱਚ ਚਾਰ ਤੋਂ ਛੇ ਅਗਸਤ ਤੱਕ ਹੋਣ ਵਾਲੀ ਪ੍ਰੀਖਿਆ ਪ੍ਰਸ਼ਾਸਨਿਕ ਅਤੇ ਤਕਨੀਕੀ ਨੁਕਸ ਕਾਰਨ ਕੁੱਝ ਕੇਂਦਰਾਂ ਵਿੱਚ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਅਸੀਂ ਕਿਹਾ ਸੀ ਕਿ ਇਹ ਪ੍ਰੀਖਿਆ 12 ਤੋਂ 14 ਅਗਸਤ ਤੱਕ ਹੋਵੇਗੀ। ਐੱਨਟੀਏ ਨੇ ਪ੍ਰਭਾਵਿਤ ਉਮੀਦਵਾਰਾਂ ਨੂੰ ਇਨ੍ਹਾਂ ਤਰੀਕਾਂ ਤੋਂ ਇਲਾਵਾ ਹੋਰ ਤਰੀਕਾਂ ਚੁਣਨ ਦਾ ਬਦਲ ਵੀ ਦਿੱਤਾ ਸੀ।’’ ਇਸ ਤਹਿਤ 15,8111 ਉਮੀਦਵਾਰਾਂ ਨੇ ਵੱਖ-ਵੱਖ ਕਾਰਨ ਕਰਕੇ ਇਹ ਤਰੀਕਾਂ ਬਦਲਣ ਦੀ ਅਪੀਲ ਕੀਤੀ ਸੀ। ਹੁਣ ਐੱਨਟੀਏ ਨੇ ਇਹ ਪ੍ਰੀਖਿਆ 24 ਤੋਂ 28 ਅਗਸਤ ਤੱਕ ਕਰਵਾਉਣ ਦਾ ਫੈਸਲਾ ਲਿਆ ਹੈ। ਤੀਜੇ ਪੜਾਅ ਦੀ ਪ੍ਰੀਖਿਆ ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ 17, 18 ਅਤੇ 20 ਅਗਸਤ ਨੂੰ ਹੀ ਹੋਵੇਗੀ। -ਪੀਟੀਆਈ