ਨਵੀਂ ਦਿੱਲੀ, 18 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰੀ ਮੁਲਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਕੱਠੇ ਮਿਲ ਕੇ ਯਕੀਨੀ ਬਣਾਉਣ ਕਿ ਕ੍ਰਿਪਟੋਕਰੰਸੀ ਗਲਤ ਹੱਥਾਂ ’ਚ ਨਾ ਜਾਵੇ, ਨਹੀਂ ਤਾਂ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਸਕਦਾ ਹੈ। ਉਨ੍ਹਾਂ ਹਮਖ਼ਿਆਲ ਮੁਲਕਾਂ ਨੂੰ ਡਿਜੀਟਲ ਇਨਕਲਾਬ ਦੀਆਂ ਉੱਭਰ ਰਹੀਆਂ ਚੁਣੌਤੀਆਂ ਦਾ ਰਲ ਕੇ ਸਾਹਮਣਾ ਕਰਨ ’ਤੇ ਜ਼ੋਰ ਦਿੱਤਾ। ਸਿਡਨੀ ਡਾਇਲਾਗ ਨੂੰ ਵਰਚੁਅਲ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਤਕਨਾਲੋਜੀ ਅਤੇ ਡੇਟਾ ਨਵੇਂ ਹਥਿਆਰ ਦਾ ਰੂਪ ਲੈ ਰਹੇ ਹਨ ਅਤੇ ਇਹ ਦੇਸ਼ਾਂ ਦੀ ਪਸੰਦ ’ਤੇ ਨਿਰਭਰ ਕਰੇਗਾ ਕਿ ਉਹ ਤਕਨਾਲੋਜੀ ਦੇ ਸਾਰੇ ਸ਼ਾਨਦਾਰ ਸਾਧਨਾਂ ਦੀ ਵਰਤੋਂ ਸਹਿਯੋਗ ਲਈ ਕਰਦੇ ਹਨ ਜਾਂ ਸੰਘਰਸ਼ ਲਈ, ਤਾਕਤ ਰਾਹੀਂ ਸ਼ਾਸਨ ਲਈ ਜਾਂ ਵਿਕਾਸ ਲਈ ਕਰਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਲੋਕਤੰਤਰੀ ਮੁਲਕਾਂ ਨੂੰ ਭਵਿੱਖੀ ਤਕਨਾਲੋਜੀ ਦੀ ਖੋਜ ਅਤੇ ਵਿਕਾਸ ’ਚ ਰਲ ਕੇ ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਹੋਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੀ ਇਹ ਪ੍ਰਤੀਕਿਰਿਆ ਉਸ ਸਮੇਂ ਆਈ ਹੈ ਜਦੋਂ ਦੁਨੀਆ ’ਚ ਚੀਨ ਵੱਲੋਂ ਆਪਣੇ ਰਣਨੀਤਕ ਏਜੰਡੇ ਨੂੰ ਅੱਗੇ ਵਧਾਉਣ ਲਈ ਨਵੇਂ ਯੁੱਗ ਦੀ ਤਕਨਾਲੋਜੀ ਦੀ ਵਰਤੋਂ ਲੈ ਕੇ ਫਿਕਰ ਜਤਾਈ ਜਾ ਰਹੀ ਹੈ। ਡਿਜੀਟਲ ਯੁੱਗ ਦੇ ਲਾਭਾਂ ਨੂੰ ਧਿਆਨ ’ਚ ਰੱਖਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੁਨੀਆ ਸਮੁੰਦਰੀ ਸਤਹਿ ਤੋਂ ਲੈ ਕੇ ਸਾਈਬਰ ਅਤੇ ਪੁਲਾੜ ਤੱਕ ਨਵੇਂ ਤਰ੍ਹਾਂ ਦੇ ਸੰਘਰਸ਼ਾਂ ਅਤੇ ਜੋਖਮਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਖੁੱਲ੍ਹਾਪਣ ਹੈ। ਉਂਜ ਸਾਨੂੰ ਇਸ ਖੁੱਲ੍ਹੇਪਣ ਦੀ ਦੁਰਵਰਤੋਂ ਕਰਨ ਵਾਲੇ ਕੁਝ ਸੌੜੇ ਹਿੱਤਾਂ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਨੇ ਸਿਆਸਤ, ਅਰਥਚਾਰੇ ਅਤੇ ਸਮਾਜ ਦੀ ਮੁੜ ਤੋਂ ਪਰਿਭਾਸ਼ਾ ਤੈਅ ਕੀਤੀ ਹੈ ਅਤੇ ਇਹ ਖੁਦਮੁਖਤਿਆਰੀ, ਸ਼ਾਸਨ, ਨੀਤੀ, ਕਾਨੂੰਨਾਂ, ਅਧਿਕਾਰਾਂ ਅਤੇ ਸੁਰੱਖਿਆ ਨੂੰ ਲੈ ਕੇ ਨਵੇਂ ਸਵਾਲ ਵੀ ਖੜ੍ਹੇ ਕਰ ਰਿਹਾ ਹੈ। ਨਵੀਂਆਂ ਤਕਨਾਲੋਜੀਆਂ ਬਾਰੇ ਭਾਰਤ ਦੀ ਪਹੁੰਚ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁਲਕ 5ਜੀ ਅਤੇ 6ਜੀ ਸਮੇਤ ਵੱਖ ਵੱਖ ਖੇਤਰਾਂ ’ਚ ਦੇਸੀ ਸਮਰੱਥਾ ਵਿਕਸਤ ਕਰਨ ’ਚ ਨਿਵੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸੈਮੀ ਕੰਡਕਟਰ ਦਾ ਮੁੱਖ ਨਿਰਮਾਤਾ ਬਣਨ ਦੀਆਂ ਵੀ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਡਿਜੀਟਲ ਦੁਨੀਆ ਦੇ ਖੇਤਰ ’ਚ ਭਾਰਤ ਦੀਆਂ ਉਪਲੱਬਧੀਆਂ ਅਤੇ ਉਸ ਦੀ ਮੌਜੂਦਾ ਪਹਿਲਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਪ੍ਰਤੀ ਇਸ ਖੇਤਰ ਨੂੰ ਲੈ ਕੇ ਦੁਨੀਆ ਦਾ ਵਿਸ਼ਵਾਸ ਹਾਸਲ ਹੋਇਆ ਹੈ। -ਪੀਟੀਆਈ
ਭਗੌੜੇ ਆਰਥਿਕ ਅਪਰਾਧੀਆਂ ਨੂੰ ਦੇਸ਼ ਮੁੜਨਾ ਹੀ ਪਵੇਗਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਆਰਥਿਕ ਭਗੌੜਿਆਂ ਨੂੰ ਦੇਸ਼ ਲਿਆਉਣ ਲਈ ਸਾਰੇ ਚੈਨਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭਗੌੜਿਆਂ ਕੋਲ ਦੇਸ਼ ਪਰਤਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਉਂਜ ਉਨ੍ਹਾਂ ਕਿਸੇ ਵੀ ਇਕ ਭਗੌੜੇ ਦਾ ਨਾਮ ਨਹੀਂ ਲਿਆ। ਇਕ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਬੈਂਕ ਨੌਕਰੀਆਂ ਪੈਦਾ ਕਰਨ ਵਾਲਿਆਂ ਦੀ ਹਮਾਇਤ ਕਰਨ ਅਤੇ ਉਨ੍ਹਾਂ ਨੂੰ ਕਰਜ਼ੇ ਵੰਡਣ। ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਨਾਲ ਹੁਣ ਤੱਕ 5 ਲੱਖ ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। -ਪੀਟੀਆਈ