ਕਰੂਜ਼ ਡਰੱਗਜ਼ ਕੇਸ: ਆਰੀਅਨ ਨੂੰ ਕਲੀਨ ਚਿੱਟ, ਵਾਨਖੇੜੇ ਖ਼ਿਲਾਫ਼ ਜਾਂਚ ਦੀ ਸਿਫਾਰਸ਼

ਕਰੂਜ਼ ਡਰੱਗਜ਼ ਕੇਸ: ਆਰੀਅਨ ਨੂੰ ਕਲੀਨ ਚਿੱਟ, ਵਾਨਖੇੜੇ ਖ਼ਿਲਾਫ਼ ਜਾਂਚ ਦੀ ਸਿਫਾਰਸ਼

ਮੁੰਬਈ/ਨਵੀਂ ਦਿੱਲੀ, 27 ਮਈ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ‘ਕਰੂਜ਼ ’ਤੇ ਡਰੱਗਜ਼’ ਮਿਲਣ ਨਾਲ ਜੁੜੇ ਕੇਸ ਵਿੱਚ ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਅੱਜ ਕਲੀਨ ਚਿੱਟ ਦੇ ਦਿੱਤੀ ਹੈ। ਆਰੀਅਨ ਨੂੰ ਪਿਛਲੇ ਸਾਲ ਇਸ ਕੇਸ ਕਰਕੇ 22 ਦਿਨ ਜੇਲ੍ਹ ਵਿੱਚ ਰਹਿਣਾ ਪਿਆ ਸੀ। ਉਧਰ ਕੇਂਦਰ ਸਰਕਾਰ ਨੇ ਕਰੂਜ਼ ਡਰੱਗਜ਼ ਕੇਸ ਦੀ ਜਾਂਚ ਦੌਰਾਨ ਕਥਿਤ ‘ਘਟੀਆ’ ਕੰਮ ਲਈ ਸਾਬਕਾ ਐੱਨਸੀਬੀ ਅਧਿਕਾਰੀ ਸਮੀਰ ਵਾਨਖੇੜੇ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਕਥਿਤ ਫ਼ਰਜ਼ੀ ਜਾਤੀ ਸਰਟੀਫਿਕੇਟ ਮੁਹੱਈਆ ਕਰਾਉਣ ਦੇ ਦੋਸ਼ ਵਿੱਚ ਵਾਨਖੇੜੇ ਖ਼ਿਲਾਫ਼ ਢੁੱਕਵੀਂ ਕਾਰਵਾਈ ਵਿੱਢ ਦਿੱਤੀ ਗਈ ਹੈ। ਵਾਨਖੇੜੇ ਇਸ ਵੇਲੇ ਭਾਰਤੀ ਰੈਵੇਨਿਊ ਸਰਵਸਿਜ਼ ’ਚ ਅਧਿਕਾਰੀ ਹੈ ਤੇ ਉਸ ਖ਼ਿਲਾਫ਼ ਕਾਰਵਾਈ ਲਈ ਵਿੱਤ ਮੰਤਰਾਲਾ ਨੋਡਲ ਏਜੰਸੀ ਹੈ। ਐੱਨਸੀਬੀ ਵੱਲੋਂ ਅੱਜ ਮੁੰਬਈ ਕੋਰਟ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਆਰੀਅਨ ਖ਼ਾਨ ਤੇ ਪੰਜ ਹੋਰਨਾਂ ਦਾ ਨਾਮ ਸ਼ਾਮਲ ਨਹੀਂ ਸੀ। ਐੈੱਨਸੀਬੀ ਅਧਿਕਾਰੀਆਂ ਨੇ ਕਿਹਾ ਕਿ ‘ਸਬੂਤਾਂ ਦੀ ਘਾਟ’ ਕਰਕੇ ਇਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਐੱੱਨਸੀਬੀ ਮੁਖੀ ਐੱਸ.ਐੱਨ.ਪ੍ਰਧਾਨ ਨੇ ਦਿੱਲੀ ਵਿੱਚ ਕਿਹਾ, ‘‘ਅਸੀਂ   ਸਬੂਤ ਦੇ ਸਿਧਾਂਤ ਮੁਤਾਬਕ ਚੱਲੇ ਹਾਂ। ਸਾਨੂੰ 14 ਵਿਅਕਤੀਆਂ ਖਿਲਾਫ਼ ਠੋਸ ਅਤੇ ਹਾਲਾਤੀ ਸਬੂਤ ਮਿਲੇ ਹਨ ਜਦੋਂਕਿ ਛੇ ਜਣਿਆਂ ਖਿਲਾਫ ਨਾਕਾਫੀ ਸਬੂਤ ਸਨ।’’ ਉਨ੍ਹਾਂ ਕਿਹਾ, ‘‘ਅਸੀਂ ਸ਼ੁਰੂਆਤੀ ਜਾਂਚ ਦੌਰਾਨ ਸਾਰੇ ਤੱਥਾਂ ’ਤੇ ਗੌਰ ਕੀਤਾ ਤੇ (ਆਰੀਅਨ ਖਿਲਾਫ਼) ਕੋਈ ਠੋਸ ਸਬੂਤ ਨਹੀਂ ਮਿਲਿਆ।’’ ਸ਼ਾਹਰੁਖ਼ ਖ਼ਾਨ ਤੋਂ ਪੁੱਛ-ਪੜਤਾਲ ਕਰਨ ਬਾਰੇ ਪੁੱਛੇ ਜਾਣ ’ਤੇ ਪ੍ਰਧਾਨ ਨੇ ਕਿਹਾ, ‘‘ਕੁਝ ਸਬੰਧਤ ਵਿਅਕਤੀ ਵਿਸ਼ੇਸ਼ ਤੋਂ ਪੁੱਛਗਿੱਛ ਕੀਤੀ ਗਈ ਸੀ, ਪਰ ਇਨ੍ਹਾਂ ਦੇ ਨਾਂ ਨਹੀਂ ਦੱਸੇ ਜਾ ਸਕਦੇ।’’ 

  ਇਸ ਦੌਰਾਨ ਸੰਘੀ ਏਜੰਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ‘ਉਦੇਸ਼ੀ ਮੰਤਵ’ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ। ਬਿਆਨ ਵਿੱਚ ਕਿਹਾ ਗਿਆ, ‘‘ਸਿਟ ਵੱਲੋਂ ਕੀਤੀ ਜਾਂਚ ਦੇ ਆਧਾਰ ’ਤੇ 14 ਵਿਅਕਤੀਆਂ ਖਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ (ਮੁੰਬਈ ਦੀ ਕੋਰਟ ’ਚ) ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਸਬੂਤਾਂ ਦੀ ਘਾਟ ਕਰਕੇ ਬਾਕੀ ਬਚਦੇ 6 ਜਣਿਆਂ ਖਿਲਾਫ਼ ਸ਼ਿਕਾਇਤ ਦਰਜ ਨਹੀਂ ਕੀਤੀ ਗਈ।’’ ਸੰਘੀ ਏਜੰਸੀ ਨੇ ਕਿਹਾ ਕਿ ਐੱਨਸੀਬੀ ਦੇ ਮੁੰਬਈ ਜ਼ੋਨਲ ਦਫ਼ਤਰ ਨੇ ਪਿਛਲੇ ਸਾਲ 2 ਅਕਤੂਬਰ ਨੂੰ ਕੌਮਾਂਤਰੀ ਕਰੂਜ਼ ਟਰਮੀਨਲ ਤੇ ਕੋਰਡੀਲੀਆ ਕੰਪਨੀ ਵੱਲੋਂ ਚਲਾਏ ਜਾਂਦੇ ਕਰੂਜ਼ ਤੋਂ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਮੁਲਜ਼ਮਾਂ ਵਿੱਚ ਵਿਕਰਾਂਤ, ਇਸ਼ਮੀਤ, ਅਰਬਾਜ਼, ਆਰੀਅਨ, ਗੋਮਿਤ, ਨੁਪੁਰ, ਮੋਹਕ ਤੇ ਮੁਨਮੁਨ ਸ਼ਾਮਲ ਸਨ। ਐੱਨਸੀਬੀ ਨੇ ਕਿਹਾ, ‘‘ਆਰੀਅਨ(ਖ਼ਾਨ) ਤੇ ਮੋਹਕ (ਜੈਸਵਾਲ) ਨੂੰ ਛੱਡ ਕੇ ਹੋਰਨਾਂ ਸਾਰੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਨਸ਼ੀਲੇ ਪਦਾਰਥ ਮਿਲੇ ਸਨ।’’ ਜ਼ਮਾਨਤ ਮਿਲਣ ਮਗਰੋਂ ਆਰੀਅਨ ਖ਼ਾਨ ਨੂੰ 30 ਅਕਤੂਬਰ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਸੀ। 

ਐੱਨਸੀਬੀ ਨੇ ਆਪਣੀ ਚਾਰਜਸ਼ੀਟ ਰਜਿਸਟਰੀ ਕੋਲ ਜਮ੍ਹਾਂ ਕੀਤੀ ਹੈ ਤੇ ਵਿਸ਼ੇਸ਼ ਐੱਨਡੀਪੀਐੱਸ ਕੋਰਟ ਦਸਤਾਵੇਜ਼ਾਂ ਦੀ ਤਸਦੀਕ ਮਗਰੋਂ ਇਸ ਦਾ ਨੋਟਿਸ ਲਏੇਗੀ। ਵਿਸ਼ੇਸ਼ ਕੋਰਟ ਨੇ ਇਸ ਸਾਲ ਮਾਰਚ ਵਿੱਚ ਜਾਂਚ ਏਜੰਸੀ ਨੂੰ ਚਾਰਜਸ਼ੀਟ ਦਾਖ਼ਲ ਕਰਨ ਲਈ ਦਿੱਤੀ ਮੋਹਲਤ ਦੋ ਮਹੀਨਿਆਂ ਲਈ ਵਧਾ ਦਿੱਤੀ ਸੀ। ਉਧਰ ਆਰੀਅਨ ਖ਼ਾਨ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸੱਚ ਸਾਰਿਆਂ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ, ‘‘ਜਿੰਨਾ ਸਕੂਨ ਮੈਂ ਮਹਿਸੂਸ ਕਰ ਰਿਹਾ ਹਾਂ, ਓਨਾ ਹੀ ਸ਼ਾਹਰੁਖ਼ ਖ਼ਾਨ ਸਣੇ ਮੇਰੇ ਮੁਵੱਕਿਲ ਵੀ ਕਰਦੇ ਹੋਣਗੇ। ਸੱਚ ਸਾਰਿਆਂ ਦੇੇ ਸਾਹਮਣੇ ਹੈ। 

ਆਖਿਰ ਨੂੰ ਉਨ੍ਹਾਂ ਕੋਲ ਇਸ ਨੌਜਵਾਨ (ਆਰੀਅਨ ਖ਼ਾਨ) ਉੱਤੇ ਦੋਸ਼ ਲਾਉਣ ਜਾਂ ਗ੍ਰਿਫ਼ਤਾਰ ਕਰਨ ਲਈ ਕੁਝ ਨਹੀਂ ਸੀ।’’ ਰੋਹਤਗੀ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਐੱਨਸੀਬੀ ਨੇ ਆਪਣੀ ਗ਼ਲਤੀ ਮੰਨ ਲਈ ਹੈ ਤੇ ਉਸ ਨੂੰ ਅਹਿਸਾਸ ਹੋ ਗਿਆ ਹੈ ਕਿ ਆਰੀਅਨ ਖ਼ਾਨ ਖਿਲਾਫ਼ ਅਗਲੇਰੀ ਕਾਰਵਾਈ ਦਾ ਕੋਈ ਕਾਰਨ ਨਹੀਂ ਸੀ। ਚੇਤੇ ਰਹੇ ਕਿ ਐੱਨਸੀਬੀ ਹੈੱਡਕੁਆਰਟਰਜ਼ ਨੇ ਪਿਛਲੇ ਸਾਲ 6 ਨਵੰਬਰ ਨੂੰ ਐੱਨਸੀਬੀ ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਜਾਂਚ ਤੋਂ ਲਾਂਭੇ ਕਰਕੇ ਇਸ ਕੇਸ ਤੇ ਚਾਰ ਹੋਰਨਾਂ (ਕੇਸਾਂ) ਨੂੰ ਮੁੰਬਈ ਤੋਂ ਲੈ ਕੇ ਦਿੱਲੀ ਆਧਾਰਿਤ ਸਿਟ ਹਵਾਲੇ ਕਰ ਦਿੱਤਾ ਸੀ। ਸਿਟ ਦੀ ਕਮਾਨ ਡਿਪਟੀ ਡਾਇਰੈਕਟਰ ਜਨਰਲ (ਆਪਰੇਸ਼ਨ) ਸੰਜੈ ਕੁਮਾਰ ਸਿੰਘ ਨੂੰ ਸੌਂਪੀ ਗਈ ਸੀ। -ਪੀਟੀਆਈ

ਕੀ ਐੱਨਸੀਬੀ ਹੁਣ ਸਮੀਰ ਵਾਨਖੇੜੇ ਖਿਲਾਫ਼ ਕਾਰਵਾਈ ਕਰੇਗੀ: ਮਲਿਕ

ਮੁੰਬਈ: ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਨਵਾਬ ਮਲਿਕ ਨੇ ਕਰੂਜ਼ ਡਰੱਗਜ਼ ਕੇਸ ’ਚ ਆਰੀਅਨ ਖ਼ਾਨ ਨੂੰ ਕਲੀਨ ਚਿੱਟ ਮਿਲਣ ਦੇ ਹਵਾਲੇ ਨਾਲ ਸਵਾਲ ਕੀਤਾ ਕਿ ਕੀ ਐੱਨਸੀਬੀ, ਆਈਆਰਐੱਸ ਅਧਿਕਾਰੀ ਸਮੀਰ ਵਾਨਖੇੜੇ ਤੇ ‘ਉਸ ਦੀ ਨਿੱਜੀ ਫੌਜ’ ਖਿਲਾਫ਼ ਕੋਈ ਕਾਰਵਾਈ ਕਰੇਗੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਮਲਿਕ ਪਹਿਲੇ ਸ਼ਖ਼ਸ ਸਨ ਜਿਨ੍ਹਾਂ ਸਮੀਰ ਵਾਨਖੇੜੇ ਵੱਲੋਂ ਕਰੂਜ਼ ਜਹਾਜ਼ ’ਤੇ ਮਾਰੇ ਛਾਪੇ ਉੱਤੇ ਉਜਰ ਜਤਾਇਆ ਸੀ। -ਪੀਟੀਆਈ 

ਐੱਨਸੀਬੀ ਨੂੰ ਜਾਂਚ ਦੌਰਾਨ ‘ਗੰਭੀਰ ਊਣਤਾਈਆਂ’ ਮਿਲੀਆਂ

ਨਵੀਂ ਦਿੱਲੀ: ਕਰੂਜ਼ ਡਰੱਗਜ਼ ਕੇਸ ਦੀ ਜਾਂਚ ਦੌਰਾਨ ਐੱਨਸੀਬੀ ਦੀ ਵਿਸ਼ੇਸ਼ ਜਾਂਚ ਟੀਮ ਨੂੰ ‘ਗੰਭੀਰ ਊਣਤਾਈਆਂ’ ਮਿਲੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਆਰੀਅਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਵਾਲੀ ਪਹਿਲੀ ਟੀਮ ਨੇ ਨੇਮਾਂ ਦੀ ਉਲੰਘਣਾ ਕਰਦਿਆਂ ਨਾ ਤਾਂ ਮੁਲਜ਼ਮ ਦਾ ਲਾਜ਼ਮੀ ਮੈਡੀਕਲ ਟੈਸਟ ਕਰਵਾਇਆ ਤੇ ਨਾ ਹੀ ਛਾਪਿਆਂ ਦੀ ਕੋਈ ਵੀਡੀਓ ਰਿਕਾਰਡਿੰਗ ਕੀਤੀ। ਇਹੀ ਨਹੀਂ ਵਟਸਐਪ ਚੈਟ ਦੀ ਤਸਦੀਕ ਕਰਨੀ ਵੀ ਮੁਨਾਸਿਬ ਨਹੀਂ ਸਮਝੀ। ਐੱਨਸੀਬੀ ਦੇ ਡਾਇਰੈਕਟਰ ਜਨਰਲ ਐੱਸ.ਐੱਨ.ਪ੍ਰਧਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਵਿੱਚ ‘ਊਣਤਾਈਆਂ’ ਰਹੀਆਂ ਤੇ ਕੋਰਟ ਵਿੱਚ ਦੋਸ਼ ਸਾਬਤ ਕਰਨ ਲਈ ਮੁਲਜ਼ਮ ਦੀ ਵਟਸਐਪ ਚੈਟ ਦਾ ਕੋਈ ‘ਠੋਸ ਸਬੂਤ’ ਨਹੀਂ ਰੱਖਿਆ ਗਿਆ। ਐੱਨਸੀਬੀ ਨੇ ਅੱਜ ਮੁੰਬਈ ਕੋਰਟ ਵਿੱਚ 14 ਮੁਲਜ਼ਮਾਂ ਖਿਲਾਫ਼ 6000 ਸਫ਼ਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All