ਮੁੰਬਈ, 8 ਨਵੰਬਰ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਦਿੱਲੀ ਤੋਂ ਆਈ ਵਿਜੀਲੈਂਸ ਟੀਮ ਸੋਮਵਾਰ ਨੂੰ ਕਰੂਜ਼ ਨਸ਼ੀਲੇ ਪਦਾਰਥਾਂ ਦੇ ਮਾਮਲੇ ’ਚ ਮੁਲਜ਼ਮ ਆਰੀਅਨ ਖਾਨ ਨੂੰ ਰਿਹਾਅ ਕਰਨ ਲਈ ਐੱਨਸੀਬੀ ਦੀ ਮੁੰਬਈ ਖੇਤਰੀ ਇਕਾਈ ਦੇ ਅਧਿਕਾਰੀਆਂ ਦੇ ਪੈਸੇ ਮੰਗਣ ਦੇ ਦੋਸ਼ਾਂ ਦੀ ਜਾਂਚ ਲਈ ਇੱਥੇ ਪਹੁੰਚੀ ਹੈ। ਟੀਮ ਨੇ ਲੋਅਰ ਪਰੇਲ ਖੇਤਰ ਵਿੱਚ ਇੰਡੀਆਨਾ ਹੋਟਲ ਦੇ ਬਾਹਰ ਇੱਕ ਸਥਾਨ ਦਾ ਦੌਰਾ ਕੀਤਾ ਜਿੱਥੇ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ ਅਤੇ ਐੱਨਸੀਬੀ ਦੇ ਗਵਾਹ ਕੇਪੀ ਗੋਸਾਵੀ ਨੇ ਕਥਿਤ ਤੌਰ ‘ਤੇ ਮੁਲਾਕਾਤ ਕੀਤੀ ਸੀ। ਟੀਮ ਟਰਮੀਨਲ ’ਤੇ ਵੀ ਗਈ ਜਿੱਥੇ ਕੋਰਡੇਲੀਆ ਕਰੂਜ਼ ਜਹਾਜ਼ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਉਕਤ ਜਹਾਜ਼ ਵਿੱਚ 2 ਅਕਤੂਬਰ ਨੂੰ ਪਾਰਟੀ ਹੋਈ ਸੀ। ਐੱਨਸੀਬੀ ਦੇ ਉੱਤਰੀ ਜ਼ੋਨ ਦੇ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਦੀ ਅਗਵਾਈ ਵਾਲੀ ਚਾਰ ਮੈਂਬਰੀ ਟੀਮ ਕੁਝ ਹੋਰ ਥਾਵਾਂ ਦਾ ਦੌਰਾ ਵੀ ਕਰ ਸਕਦੀ ਹੈ। ਇਸੇ ਦੌਰਾਨ ਕੇਸ ਵਿੱਚ ਆਜ਼ਾਦ ਗਵਾਹ ਪ੍ਰਭਾਕਰ ਸੈਲ ਨੇ ਟੀਮ ਸਾਹਮਣੇ ਪੇਸ਼ ਹੋ ਬਿਆਨ ਵੀ ਦਰਜ ਕਰਵਾਏ ਹਨ। ਇਸ ਮਾਮਲੇ ਵਿੱਚ ਉਹ ਅੱਜ ਪਹਿਲੀ ਵਾਰ ਜਾਂਚ ਟੀਮ ਸਾਹਮਣੇ ਪੇਸ਼ ਹੋਇਆ ਹੈ। ਐਨਸੀਬੀ ਨੇ ਐਤਵਾਰ ਸੰਮਨ ਭੇਜ ਕੇ ਉਸ ਨੂੰ ਤਲਬ ਕੀਤਾ ਸੀ। -ਪੀਟਆਈ