ਮੁੰਬਈ, 8 ਨਵੰਬਰ
ਕਰੂਜ਼ ਡਰੱਗ ਕੇਸ ਮਾਮਲੇ ’ਚ ਰਿਸ਼ਵਤ ਦੇਣ ਦੇ ਦੋਸ਼ਾਂ ਦੀ ਜਾਂਚ ਲਈ ਐੱਨਸੀਬੀ ਦੀ ਦਿੱਲੀ ਵਿਜੀਲੈਂਸ ਟੀਮ ਅੱਜ ਇੱਥੇ ਪੁੱਜੀ। ਟੀਮ ਨੇ ਲੋਅਰ ਪਰੇਲ ਇਲਾਕੇ ਵਿੱਚ ਇੰਡੀਆਨਾ ਹੋਟਲ ਦੇ ਬਾਹਰ ਇੱਕ ਥਾਂ ਦਾ ਦੌਰਾ ਕੀਤਾ ਜਿੱਥੇ ਅਦਾਕਾਰ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ ਅਤੇ ਐੱਨਸੀਬੀ ਦੇ ਗਵਾਹ ਕੇ ਪੀ ਗੋਸਾਵੀ ਕਥਿਤ ਤੌਰ ’ਤੇ ਮਿਲੇ ਸਨ। ਟੀਮ ਮੈਂਬਰਾਂ ਨੇ ਮੁੰਬਈ ਕਰੂਜ਼ ਟਰਮੀਨਲ ਦਾ ਵੀ ਦੌਰਾ ਕੀਤਾ ਜਿੱਥੇ ਕਰੂਜ਼ ਜਹਾਜ਼ ਖੜ੍ਹਾ ਹੈ, ਜਿਸ ’ਤੇ ਪਾਰਟੀ ਕੀਤੀ ਗਈ ਸੀ। ਐੱਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਉੱਤਰੀ ਖੇਤਰ) ਗਿਆਨੇਸ਼ਵਰ ਸਿੰਘ ਦੀ ਅਗਵਾਈ ਵਾਲੀ ਇਹ ਚਾਰ ਮੈਂਬਰੀ ਟੀਮ ਕੁੱਝ ਹੋਰ ਥਾਵਾਂ ਦਾ ਦੌਰਾ ਵੀ ਕਰੇਗੀ।
ਇਸ ਦੌਰਾਨ ਐੱਨਸੀਬੀ ਦੇ ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ’ਤੇ ਤਾਜ਼ਾ ਹਮਲਾ ਕਰਦਿਆਂ ਨਵਾਬ ਮਲਿਕ ਨੇ ਕਿਹਾ ਕਿ ਕੀ ਇਸ ਅਧਿਕਾਰੀ ਦੀ ਨਜ਼ਦੀਕੀ ਰਿਸ਼ਤੇਦਾਰ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਲ ਹੈ ਤੇ ਦਾਅਵਾ ਕੀਤਾ ਕਿ ਉਸ ਖ਼ਿਲਾਫ਼ ਪੁਣੇ ਦੀ ਇੱਕ ਅਦਾਲਤ ’ਚ ਕੇਸ ਚੱਲ ਰਿਹਾ ਹੈ। ਹਾਲਾਂਕਿ ਐੱਨਸੀਬੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਦੋਂ ਇਹ ਕੇਸ ਹੋਇਆ ਤਾਂ ਉਸ ਸਮੇਂ ਵਾਨਖੇੜੇ ਸੇਵਾ ’ਚ ਹੀ ਨਹੀਂ ਸੀ। ਇਸ ਦੌਰਾਨ ਇੱਥੋਂ ਦੀ ਇੱਕ ਸਥਾਨਕ ਅਦਾਲਤ ਨੇ ਮੁੰਬਈ ਦੇ ਭਾਜਪਾ ਦੇ ਯੂਥ ਵਿੰਗ ਦੇ ਸਾਬਕਾ ਮੁਖੀ ਮੋਹਿਤ ਭੱਟਾਚਾਰੀਆ ਦੀ ਅਪਰਾਧਿਕ ਮਾਣਹਾਨੀ ਸ਼ਿਕਾਇਤ ’ਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਮਹੀਨੇ ਐੱਨਸੀਬੀ ਵੱਲੋਂ ਮਾਰੇ ਗਏ ਛਾਪੇ ਮਗਰੋਂ ਐੱਨਸੀਪੀ ਆਗੂ ਨੇ ਉਸ ਦੇ ਸਾਲੇ ਦਾ ਨਾਂ ਬਦਨਾਮ ਕੀਤਾ। ਦੂਜੇ ਪਾਸੇ ਫੈਸ਼ਨ ਮਾਡਲ ਮੁਨਮੁਨ ਧਮੇਚਾ ਨੇ ਬਾਂਬੇ ਹਾਈ ਕੋਰਟ ਕੋਲ ਆਪਣੀ ਜ਼ਮਾਨਤ ਸ਼ਰਤਾਂ ’ਚੋਂ ਕੁਝ ’ਚ ਬਦਲਾਅ ਲਈ ਪਹੁੰਚ ਕੀਤੀ ਹੈ। ਉਸ ਨੇ ਅਦਾਲਤ ਤੋਂ ਉਸ ਨੂੰ ਮੁੰਬਈ ਦੀ ਬਜਾਇ ਦਿੱਲੀ ਵਿੱਚ ਐੱਨਸੀਬੀ ਦਫ਼ਤਰ ’ਚ ਜਾਣ ਦੀ ਆਗਿਆ ਮੰਗੀ ਹੈ, ਜਿੱਥੇ ਉਸ ਦੀ ਰਿਹਾਇਸ਼ ਹੈ।
ਪ੍ਰਭਾਕਰ ਸੇਲ ਅਤੇ ਅਰਚਿਤ ਐੱਨਸੀਬੀ ਟੀਮ ਅੱਗੇ ਪੇਸ਼
ਮੁੰਬਈ: ਕੌਰਡੇਲੀਆ ਕਰੂਜ਼ ਡਰੱਗਜ਼ ਕੇਸ ਵਿੱਚ ਰਿਸ਼ਵਤ ਦੇਣ ਦੇ ਦੋਸ਼ਾਂ ਦੀ ਜਾਂਚ ਲਈ ਇੱਥੇ ਪੁੱਜੀ ਐੱਨਸੀਬੀ ਦੀ ਦਿੱਲੀ ਵਿਜੀਲੈਂਸ ਟੀਮ ਅੱਗੇ ਕੇਸ ’ਚ ਸਰਕਾਰੀ ਗਵਾਹ ਪ੍ਰਭਾਕਰ ਸੇਲ ਅਤੇ ਸਪਲਾਇਰ ਅਰਚਿਤ ਕੁਮਾਰ ਪੇਸ਼ ਹੋਏ। ਸੂਤਰਾਂ ਅਨੁਸਾਰ ਅਰਚਿਤ ਨੇ ਆਰੀਅਨ ਨੂੰ ਡਰੱਗ ਸਪਲਾਈ ਕੀਤੀ ਸੀ। ਸੇਲ ਪੁਲੀਸ ਸੁਰੱਖਿਆ ਸਮੇਤ ਆਪਣੇ ਵਕੀਲ ਨਾਲ ਸੀਆਰਪੀਐੱਫ ਦੀ ਮੈੱਸ ’ਚ ਦੁਪਹਿਰ 2 ਵਜੇ ਪੁੱਜਾ। ਇਹ ਐੱਨਸੀਬੀ ਅੱਗੇ ਉਸ ਦੀ ਪਹਿਲੀ ਪੇਸ਼ੀ ਹੈ। -ਪੀਟੀਆਈ