ਮੁੰਬਈ, 5 ਅਕਤੂਬਰ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਮੁੰਬਈ ਦੇ ਸਾਹਿਲ ’ਤੇ ਕਰੂਜ਼ ਜਹਾਜ਼ ’ਤੇ ਚੱਲ ਰਹੀ ਡਰੱਗਜ਼ ਪਾਰਟੀ ਦੌਰਾਨ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਬਰਾਮਦ ਕੀਤੇ ਜਾਣ ਦੇ ਮਾਮਲੇ ਵਿੱਚ ਅੱਜ ਸੱਤ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਦਿੱਲੀ ਅਧਾਰਿਤ ਈਵੈਂਟ ਮੈਨੇਜਮੈਂਟ ਕੰਪਨੀ ਨਾਲ ਜੁੜੇ ਚਾਰ ‘ਹਾਈ ਪ੍ਰੋਫਾਈਲ ਆਰਗੇਨਾਈਜ਼ਰ’ ਵੀ ਸ਼ਾਮਲ ਹਨ। ਇਨ੍ਹਾਂ ਸੱਤ ਗ੍ਰਿਫਤਾਰੀਆਂ ਨਾਲ ਇਸ ਮਾਮਲੇ ਵਿੱਚ ਹੁਣ ਤੱਕ ਕਾਬੂ ਕੀਤੇ ਵਿਅਕਤੀਆਂ ਦੀ ਗਿਣਤੀ 16 ਹੋ ਗਈ ਹੈ। ਐਂਟੀ-ਡਰੱਗ ਏਜੰਸੀ ਇਸ ਮਾਮਲੇ ਵਿੱਚ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਸਮੇਤ ਨੌਂ ਲੋਕਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਆਰੀਅਨ ਤੇ ਦੋ ਹੋਰ 7 ਅਕਤੂਬਰ ਤੱਕ ਐੱਨਸੀਬੀ ਦੇ ਰਿਮਾਂਡ ’ਤੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਮਸ਼ਕੂਕਾਂ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਇਸ ਮਾਮਲੇ ਵਿੱਚ ਕੁਝ ਹੋਰ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲੱਗਾ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਬੂ ਕੀਤੇ ਈਵੈਂਟ ਮੈਨੇਜਮੈਂਟ ਫਰਮ ਦੇ ਆਰਗੇਨਾਈਜ਼ਰਾਂ ਦੀ ਪਛਾਣ ਗੋਪਾਲ ਜੀ ਆਨੰਦ, ਸਮੀਰ ਸਹਿਗਲ, ਮਾਨਵ ਸਿੰਘਲ ਤੇ ਭਾਸਕਰ ਅਰੋੜਾ ਵਜੋਂ ਦੱਸੀ ਗਈ ਹੈ। ਜਿਨ੍ਹਾਂ ਤਿੰਨ ਹੋਰਨਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿੱਚ ਸ਼੍ਰੇਅਸ ਨਾਇਰ(23), ਮਨੀਸ਼ ਰਾਜਗੜੀਆ(26) ਤੇ ਅਵੀਨ ਸਾਹੂ(30) ਸ਼ਾਮਲ ਹਨ। ਇਨ੍ਹਾਂ ਨੂੰ ਅੱਜ ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਆਰ.ਐੱਮ.ਨਰਲੀਕਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਇਨ੍ਹਾਂ ਨੂੰ 11 ਅਕਤੂਬਰ ਤੱਕ ਐੱਨਸੀਬੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐੱਨਸੀਬੀ ਨੇ ਸੋਮਵਾਰ ਨੂੰ ਸਿਟੀ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਆਰੀਅਨ ਖ਼ਾਨ ਤੇ ਦੋ ਹੋਰਨਾਂ ਦੀ ਵਟਸਐਪ ਚੈਟ ਤੋਂ ‘ਇਤਰਾਜ਼ਯੋਗ’ ਸਮੱਗਰੀ ਮਿਲੀ ਸੀ, ਜਿਸ ਤੋਂ ਉਨ੍ਹਾਂ ਦੀ ਕੌਮਾਂਤਰੀ ਨਸ਼ਾ ਤਸਕਰੀ ’ਚ ਸ਼ਮੂਲੀਅਤ ਦਾ ਪਤਾ ਲਗਦਾ ਹੈ। -ਪੀਟੀਆਈ