ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਆਰੀਅਨ ਖਾਨ ਖ਼ਿਲਾਫ਼ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਉਸ ਦਾ ਕੌਮਾਂਤਰੀ ਡਰੱਗ ਰੈਕੇਟ ਨਾਲ ਕੋਈ ਸਬੰਧ ਸਾਬਿਤ ਹੁੰਦਾ ਹੋਵੇ। ਸੂਤਰਾਂ ਮੁਤਾਬਕ ਟੀਮ ਨੂੰ ਅਦਾਕਾਰ ਸ਼ਾਹਰੁਖ਼ ਖਾਨ ਦੇ ਪੁੱਤਰ ਖ਼ਿਲਾਫ਼ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਸਾਬਿਤ ਹੋਵੇ ਕਿ ਉਹ ਇਸ ਸਾਜ਼ਿਸ਼ ਨਾਲ ਜੁੜਿਆ ਹੋਇਆ ਸੀ। ਏਜੰਸੀ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਸ ਮਾਮਲੇ ਉਤੇ ਕੁਝ ਨਹੀਂ ਕਿਹਾ। ਉਨ੍ਹਾਂ ਸਿਰਫ਼ ਐਨਾ ਹੀ ਕਿਹਾ ਕਿ ਗੋਆ ਜਾ ਰਹੇ ਕਰੂਜ਼ ਉਤੇ ਛਾਪਾ ਠੀਕ ਢੰਗ ਨਾਲ ਨਹੀਂ ਮਾਰਿਆ ਗਿਆ ਸੀ ਤੇ ਕੁਝ ਬੇਨਿਯਮੀਆਂ ਸਨ। ਮਾਮਲੇ ਦੀ ਜਾਂਚ ਅਜੇ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਏਜੰਸੀ ਦੇ ਮੁੰਬਈ ਜ਼ੋਨ ਦੇ ਮੁਖੀ ਸਮੀਰ ਵਾਨਖੇੜੇ ਦੀ ਅਗਵਾਈ ਵਿਚ ਟੀਮ ਨੇ ਪਿਛਲੇ ਸਾਲ ਅਕਤੂਬਰ ਵਿਚ ਗੋਆ ਜਾ ਰਹੇ ਕਰੂਜ਼ ਉਤੇ ਛਾਪਾ ਮਾਰਿਆ ਸੀ ਜਿੱਥੇ ਕਥਿਤ ਤੌਰ ’ਤੇ ਡਰੱਗ ਪਾਰਟੀ ਚੱਲ ਰਹੀ ਸੀ। ਛਾਪੇ ਦੌਰਾਨ ਉੱਥੇ ਮੌਜੂਦ ਆਰੀਅਨ ਖਾਨ ਤੇ ਹੋਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਮਗਰੋਂ ਆਰੀਅਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਪੁੱਛਗਿੱਛ ਕੀਤੀ ਗਈ ਸੀ। ਸ਼ਾਹਰੁਖ਼ ਦੇ ਪੁੱਤਰ ਨੂੰ 28 ਅਕਤੂਬਰ ਨੂੰ ਬੰਬੇ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ। ਐਨਸੀਬੀ ਦੀ ‘ਸਿਟ’ ਇਸ ਮਾਮਲੇ ਵਿਚ ਚਾਰਜਸ਼ੀਟ ਦਾਇਰ ਕਰੇਗੀ ਤੇ ਹਾਲੇ ਕਾਨੂੰਨੀ ਰਾਇ ਲੈ ਰਹੀ ਹੈ। ਇਸੇ ਦੌਰਾਨ ਕਰੂਜ਼ ਕੇਸ ਵਿਚ ਗ੍ਰਿਫ਼ਤਾਰ ਕਥਿਤ ਨਸ਼ਾ ਤਸਕਰ ਅਬਦੁਲ ਕਾਦਰ ਸ਼ੇਖ਼ ਨੂੰ ਵਿਸ਼ੇਸ਼ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਉਹ ਨਸ਼ਾ ਤਸਕਰੀ ਦੇ ਅਪਰਾਧ ਵਿਚ ਸ਼ਾਮਲ ਸੀ ਤੇ ਵੱਡੀ ਗਿਣਤੀ ਵਿਚ ਨਸ਼ਿਆਂ ਦਾ ਵਪਾਰ ਕਰਦਾ ਰਿਹਾ ਹੈ। -ਆਈਏਐਨਐੱਸ/ਪੀਟੀਆਈ