ਸੁਕਮਾ, 8 ਨਵੰਬਰ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਸੀਆਰਅਪੀਐੱਫ ਦੇ ਜਵਾਨ ਨੇ ਅੱਜ ਸੁੱਤੇ ਹੋਏ ਆਪਣੇ ਸਾਥੀਆਂ ’ਤੇ ਏਕੇ-47 ਰਾਈਫਲ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਚਾਰ ਜਵਾਨ ਹਲਾਕ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਤੜਕੇ ਕਰੀਬ ਸਵਾ ਤਿੰਨ ਵਜੇ ਸੀਆਰਪੀਐੱਫ ਦੇ ਲਿੰਗਾਪੱਲੀ ਪਿੰਡ ’ਚ ਸਥਿਤ 50ਵੀਂ ਬਟਾਲੀਅਨ ਦੇ ਕੈਂਪ ’ਚ ਵਾਪਰੀ। ਆਈਜੀ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਸਿਪਾਹੀ ਰਿਤੇਸ਼ ਰੰਜਨ ਨੇ ਆਪਣੀ ਸਰਵਿਸ ਰਾਈਫਲ ਨਾਲ ਸਾਥੀਆਂ ’ਤੇ ਗੋਲੀਆਂ ਵਰ੍ਹਾਈਆਂ। ਜ਼ਖ਼ਮੀ ਹੋਏ ਸੱਤ ਜਵਾਨਾਂ ਨੂੰ ਤੁਰੰਤ ਗੁਆਂਢੀ ਸੂਬੇ ਤਿਲੰਗਾਨਾ ’ਚ ਪੈਂਦੇ ਭੱਦਰਾਚਲਮ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸਿਪਾਹੀ ਰਾਜਮਣੀ ਕੁਮਾਰ ਯਾਦਵ, ਰਾਜੀਵ ਮੰਡਲ, ਧਾਂਜੀ ਅਤੇ ਧਰਮੇਂਦਰ ਕੁਮਾਰ ਵਜੋਂ ਹੋਈ ਹੈ। ਜ਼ਖ਼ਮੀ ਹੋਏ ਤਿੰਨ ਹੋਰ ਜਵਾਨ ਹਸਪਤਾਲ ’ਚ ਜ਼ੇਰੇ ਇਲਾਜ ਹਨ। ਅਧਿਕਾਰੀ ਨੇ ਕਿਹਾ ਕਿ ਗੋਲੀਆਂ ਵਰ੍ਹਾਉਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਿਪਾਹੀ ਰੰਜਨ ਨੂੰ ਤੁਰੰਤ ਫੜ ਲਿਆ ਗਿਆ ਅਤੇ ਉਸ ਤੋਂ ਪੁੱਛ-ਪੜਤਾਲ ਜਾਰੀ ਹੈ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਜਨਵਰੀ ’ਚ ਬਸਤਰ ਜ਼ਿਲ੍ਹੇ ’ਚ ਵਾਪਰੀ ਸੀ ਜਦੋਂ ਸੀਆਰਪੀਐੱਫ ਦੇ ਇਕ ਜਵਾਨ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਦਿੱਤੀ ਸੀ ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ ਸੀ। ਉਸ ਸਮੇਂ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਦੀ ਵੀ ਕੋਸ਼ਿਸ਼ ਕੀਤੀ ਸੀ। -ਪੀਟੀਆਈ
ਜਵਾਨ ਦੇ ਤਣਾਅ ’ਚ ਹੋਣ ਦਾ ਦਾਅਵਾ
ਨਵੀਂ ਦਿੱਲੀ: ਸੀਆਰਪੀਐੱਫ ਨੇ ਕਿਹਾ ਹੈ ਕਿ ਆਪਣੇ ਸਾਥੀਆਂ ’ਤੇ ਗੋਲੀਆਂ ਵਰ੍ਹਾਉਣ ਵਾਲਾ ਜਵਾਨ ਕਥਿਤ ਤੌਰ ’ਤੇ ਤਣਾਅ ’ਚ ਸੀ ਜਿਸ ਕਾਰਨ ਉਸ ਨੇ ਮਾਨਸਿਕ ਤਵਾਜ਼ਨ ਗੁਆ ਦਿੱਤਾ। ਸੀਆਰਪੀਐੱਫ ਦੇ ਇਕ ਤਰਜਮਾਨ ਨੇ ਕਿਹਾ ਕਿ ਸਥਾਨਕ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਗਰੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੀਆਰਪੀਐੱਫ ਨੇ ਘਟਨਾ ਦੀ ਜਾਂਚ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਦੇ ਸੁਝਾਅ ਦੇਣ ਲਈ ਕਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜਵਾਨ ਨੇ ਸਵੇਰੇ ਚਾਰ ਵਜੇ ਸੰਤਰੀ ਦੀ ਡਿਊਟੀ ’ਤੇ ਜਾਣਾ ਸੀ ਪਰ ਤਿਆਰ ਹੋਣ ਮਗਰੋਂ ਉਸ ਨੇ ਸੁੱਤੇ ਹੋਏ ਆਪਣੇ ਸਾਥੀਆਂ ’ਤੇ ਗੋਲੀਆਂ ਚਲਾ ਦਿੱਤੀਆਂ। -ਪੀਟੀਆਈ