ਨਵੀਂ ਦਿੱਲੀ: ਭਾਜਪਾ ਐੱਮਪੀ ਮੀਨਾਕਸ਼ੀ ਲੇਖੀ, ਅਨੰਤ ਕੁਮਾਰ ਹੈਗੜੇ ਅਤੇ ਪਰਵੇਸ਼ ਸਾਹਿਬ ਸਿੰਘ ਵਰਮਾ ਸਮੇਤ 30 ਸੰਸਦ ਮੈਂਬਰਾਂ ਅਤੇ 50 ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ’ਚੋਂ ਕਈ ਸੰਸਦ ਮੈਂਬਰਾਂ ਦੇ ਕਰੋਨਾ ਟੈਸਟ ਮੌਨਸੂਨ ਇਜਲਾਸ ਤੋਂ ਪਹਿਲਾਂ ਲਾਜ਼ਮੀ ਕਰਾਰ ਦਿੱਤੀ ਗਈ ਜਾਂਚ ਦੌਰਾਨ ਪਾਜ਼ੇਟਿਵ ਆਏ ਹਨ ਜਦਕਿ ਇਨ੍ਹਾਂ ’ਚੋਂ ਕਈਆਂ ਨੇ ਆਪਣੇ ਸਬੰਧਤ ਹਲਕਿਆਂ ਵਿੱਚ ਕਰੋਨਾ ਟੈਸਟ ਕਰਵਾਏ ਸਨ। ਸੰਸਦ ਦੀ ਕਾਰਵਾਈ ਦੀ ਕਵਰੇਜ਼ ਕਰਨ ਵਾਲੇ ਮੀਡੀਆ ਮੁਲਾਜ਼ਮਾਂ ਦੇ ਵੀ ਕਰੋਨਾ ਟੈਸਟ ਹੋਏ ਹਨ, ਜਿਸ ਦੌਰਾਨ ਇੱਕ ਮੁਲਾਜ਼ਮ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਮਿਲੀ ਹੈ। ਸੰਸਦ ਦੇ ਅਧਿਕਾਰੀਆਂ ਕੋਲ ਮੌਜੂਦ ਜਾਣਕਾਰੀ ਮੁਤਾਬਕ ਲਗਪਗ 30 ਸੰਸਦ ਮੈਂਬਰ ਤੇ ਸਕੱਤਰੇਤਾਂ ਦੇ 50 ਮੁਲਾਜ਼ਮ ਕਰੋਨਾ ਪਾਜ਼ੇਟਿਵ ਮਿਲੇ ਹਨ। ਕਰੋਨਾ ਪਾਜ਼ੇਵਿਟ ਮਿਲੇ ਹੋਰ ਸੰਸਦ ਮੈਂਬਰਾਂ ’ਚ ਪ੍ਰਤਾਪ ਰਾਓ ਜਾਧਵ, ਜਨਾਰਦਨ ਸਿੰਘ, ਸੁਖਬੀਰ ਸਿੰਘ, ਹਨੂਮਾਨ ਬੇਨੀਵਾਲ, ਸੁਕਾਂਤਾ ਮਜ਼ੂਮਦਾਰ, ਜੀ ਮਾਧਵੀ, ਬਿਦਯੁਤ ਬਾਰਨ, ਪ੍ਰਦਾਨ ਬਰੂਆ, ਐੱਨ ਰੈੱਡੀਅੱਪਾ, ਸੇਲਵਮ ਜੀ, ਪ੍ਰਤਾਪ ਰਾਓ ਪਾਟਿਲ, ਰਾਮ ਸ਼ੰਕਰ ਕਥੇਰੀਆ, ਸੱਤਿਆ ਪਾਲ ਸਿੰਘ ਤੇ ਰੋਡਮਲ ਨਾਗਰ ਦੇ ਨਾਂ ਸ਼ਾਮਲ ਹਨ।
-ਆਈਏਐੱਨਐੱਸ