ਨਵੀਂ ਦਿੱਲੀ, 9 ਦਸੰਬਰ
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਮੰਗ ਕੀਤੀ ਕਿ ਇਸੇ ਹਫ਼ਤੇ ਇਕ ਚਰਚਾ ਦੌਰਾਨ ਲੋਕ ਸਭਾ ਦੇ ਇਕ ਮੈਂਬਰ ਵੱਲੋਂ ਉਨ੍ਹਾਂ ਉੱਪਰ ਕੀਤੇ ਗਏ ‘ਗੁੰਮਰਾਹਕੁਨ’ ਨਿੱਜੀ ਹਮਲੇ ਦੀ ਆਲੋਚਨਾ ਹੋਣੀ ਚਾਹੀਦੀ ਹੈ। ਸ੍ਰੀ ਥਰੂਰ ਨੇ ਸਿਫ਼ਰ ਕਾਲ ਦੌਰਾਨ ਸਪੀਕਰ ਓਮ ਬਿਰਲਾ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਭਵਿੱਖ ਵਿਚ ਕਿਸੇ ਮੈਂਬਰ ਵੱਲੋਂ ਹੋਰ ਮੈਂਬਰ ਨਾਲ ਅਜਿਹਾ ਦੁਬਾਰਾ ਨਾ ਕੀਤਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਸਦਨ ਦੇ ਇਕ ਮੈਂਬਰ (ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ) ਵੱਲੋਂ ਸੰਸਦੀ ਪ੍ਰਕਿਰਿਆ ਦੀ ਉਲੰਘਣਾ ਕੀਤੀ ਗਈ ਹੈ। ਸਦਨ ਵਿਚ ਮੰਗਲਵਾਰ ਨੂੰ ‘ਹਾਈ ਕੋਰਟ ਤੇ ਸੁਪਰੀਮ ਕੋਰਟ (ਤਨਖਾਹ ਤੇ ਸੇਵਾ ਸ਼ਰਤ) ਸੋਧ ਬਿੱਲ, 2021’ ਬਾਰੇ ਚਰਚਾ ’ਚ ਹਿੱਸਾ ਲੈਂਦੇ ਹੋਏ ਥਰੂਰ ਨੇ ਕੁਝ ਵਿਸ਼ਿਆਂ ਦਾ ਜ਼ਿਕਰ ਕੀਤਾ ਸੀ। ਥਰੂਰ ਨੇ ਕਿਹਾ ਕਿ ਇਸ ਦੌਰਾਨ ਇਕ ਮੈਂਬਰ ਨੇ ਉਨ੍ਹਾਂ ਖ਼ਿਲਾਫ਼ ਟਿੱਪਣੀ ਕੀਤੀ, ‘‘ਉਂਜ ਤਾਂ ਇਨ੍ਹਾਂ ਨੂੰ ਬਹਿਸ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ ਕਿਉਂਕਿ ਇਨ੍ਹਾਂ ਦਾ ਵੀ ਇਕ ਕੇਸ ਪੈਂਡਿੰਗ ਹੈ।’’ ਉਨ੍ਹਾਂ ਕਿਹਾ, ‘‘ਇਹ ਦਾਅਵਾ ਗਲਤ ਹੈ ਅਤੇ ਮੇਰੇ ਖ਼ਿਲਾਫ਼ ਕੋਈ ਕੇਸ ਪੈਂਡਿੰਗ ਨਹੀਂ ਹੈ। ਮੇਰੇ ਖ਼ਿਲਾਫ਼ ਦੋਸ਼ ਅਦਾਲਤ ਨੇ ਰੱਦ ਕਰ ਦਿੱਤੇ ਹਨ।’’ -ਪੀਟੀਆਈ