ਮੁੰਬਈ, 20 ਜੁਲਾਈ
ਅਡਾਨੀ ਏਅਰਪੋਰਟ ਹੋਲਡਿੰਗਜ਼ ਲਿਮਿਟਡ (ਏਏਐੱਚਐੱਲ) ਦੇ ਮੁੱਖ ਦਫ਼ਤਰ ਨੂੰ ਮੁੰਬਈ ਕੌਮਾਂਤਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਤਬਦੀਲ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਮਹਾਰਾਸ਼ਟਰ ਕਾਂਗਰਸ ਨੇ ਅੱਜ ਕਿਹਾ ਕਿ ਏਏਐੇੱਚਐੱਲ ਨੂੰ ਇੱਥੋਂ ਤਬਦੀਲ ਕੀਤਾ ਜਾਣਾ ਮੁੰਬਈ ਦੇ ਮਹੱਤਵ ਨੂੰ ਘਟਾਉਣ ਦੇ ਬਰਾਬਰ ਹੈ। ਏਏਐੱਚਐੱਲ ਅਡਾਨੀ ਗਰੁੱਪ ਦੀ ਹਵਾਈ ਅੱਡਾ ਕਾਰੋਬਾਰ ਦੀ ਕੰਪਨੀ ਹੈ ਤੇ ਉਸ ਪਿਛਲੇ ਹਫ਼ਤੇ ਜੀਵੀਕੇ ਗਰੁੱਪ ਤੋਂ ਮੁੰਬਈ ਕੌਮਾਂਤਰੀ ਹਵਾਈ ਅੱਡਾ ਲਿਮਿਟਡ ਦਾ ਸਾਰਾ ਪ੍ਰਬੰਧ ਆਪਣੇ ਹੱਥ ਲੈ ਕੇ ਇਸ ਦਾ ਮੁੱਖ ਦਫ਼ਤਰ ਵੀ ਮੁੰਬਈ ਤੋਂ ਅਹਿਮਦਾਬਾਦ ਤਬਦੀਲ ਕਰ ਦਿੱਤਾ ਸੀ। ਮਹਾਰਾਸ਼ਟਰ ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਲਗਾਤਾਰ ਟਵੀਟਾਂ ਕਰਦਿਆਂ ਕਿਹਾ, ‘ਇਹ ਪ੍ਰਧਾਨ ਮੰਤਰੀ ਮੋਦੀ ਦਾ ਮਹਾਰਾਸ਼ਟਰ ਦੇ ਲੋਕਾਂ ਨੂੰ ਸੁਨੇਹਾ ਹੈ। ਹਵਾਈ ਅੱਡੇ ’ਤੇ ਡਾਂਡੀਆ ਡਾਂਸ ਹੀ ਬਹੁਤ ਕੁਝ ਕਹਿੰਦਾ ਹੈ। ਮੁੰਬਈ ਦਾ ਮਹੱਤਵ ਘਟਾਉਣ ਲਈ ਪਿਛਲੇ ਸੱਤ ਸਾਲ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀ।’ ਮਹਾਰਾਸ਼ਟਰ ਗੱਠਜੋੜ ਸਰਕਾਰ ’ਚ ਸ਼ਿਵ ਸੈਨਾ ਤੇ ਐੱਨਸੀਪੀ ਦੀ ਭਾਈਵਾਲ ਕਾਂਗਰਸ ਦੇ ਬੁਲਾਰੇ ਸਾਵੰਤ ਨੇ ਦਾਅਵਾ ਕੀਤਾ ਕਿ ਕੌਮਾਂਤਰੀ ਵਿੱਤੀ ਸੇਵਾਵਾਂ ਕੇਂਦਰ ਨੂੰ ਇਸੇ ਢੰਗ ਨਾਲ ਗੁਜਰਾਤ ਤਬਦੀਲ ਕੀਤਾ ਗਿਆ ਸੀ। -ਪੀਟੀਆਈ