ਪਟਨਾ, 16 ਨਵੰਬਰ
ਬਿਹਾਰ ਚੋਣਾਂ ’ਚ ਮਾੜੇ ਪ੍ਰਦਰਸ਼ਨ ਨੂੰ ਲੈ ਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕਰਨ ਵਾਲੇ ਆਰਜੇਡੀ ਨੇਤਾ ਸ਼ਿਵਾਨੰਦ ਤਿਵਾੜੀ ’ਤੇ ਜਵਾਬੀ ਹਮਲਾ ਕਰਦਿਆਂ ਕਾਂਗਰਸ ਨੇ ਕਿਹਾ ਕਿ ਤਿਵਾੜੀ ਆਰਜੇਡੀ ਦੇ ਅਧਿਕਾਰਤ ਤਰਜਮਾਨ ਨਹੀਂ ਹਨ। ਬਿਹਾਰ ਅਸੈਂਬਲੀ ਚੋਣਾਂ ’ਚ ਕਾਂਗਰਸ ਦੀ ਸਹਿਯੋਗੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੀਨੀਅਰ ਨੇਤਾ ਸ਼ਿਵਾਨੰਦ ਤਿਵਾੜੀ ਨੇ ਕਿਹਾ ਸੀ ਕਿ ਕਾਂਗਰਸ, ਮਹਾਗਠਬੰਧਨ ਲਈ ਅੜਿੱਕਾ ਬਣੀ ਹੈ। ਟੀਵੀ ਚੈਨਲਾਂ ’ਤੇ ਤਿਵਾੜੀ ਦਾ ਬਿਆਨ ਪ੍ਰਸਾਰਿਤ ਹੋਣ ਮਗਰੋਂ ਉਨ੍ਹਾਂ ਨੂੰ ਪਾਰਟੀ ’ਚ ਕੱਢੇ ਜਾਣ ਦੀ ਮੰਗ ਉੱਠੀ ਹੈ। ਕਾਂਗਰਸ ਨੇ ਤਿਵਾੜੀ ਵੱਲੋਂ ਕੀਤੀ ਆਲੋਚਨਾ ਦਾ ਤਿੱਖਾ ਜਵਾਬ ਦਿੱਤਾ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਪੈਨਲ ਦੇ ਮੈਂਬਰ ਪ੍ਰੇਮ ਚੰਦਰ ਮਿਸ਼ਰਾ ਨੇ ਕਿਹਾ, ‘ਸ਼ਿਵਾਨੰਦ ਤਿਵਾੜੀ ਆਰਜੇਡੀ ਦੇ ਅਧਿਕਾਰਤ ਤਰਜਮਾਨ ਨਹੀਂ ਹਨ। ਉਹ ਭਾਜਪਾ ਅਤੇ ਜਨਤਾ ਦਲ (ਯੂ) ਦੇ ਹੱਥਾਂ ’ਚ ਖੇਡ ਰਹੇ ਨੇ ਅਤੇ ਉਨ੍ਹਾਂ ਦੀ ਬੋਲੀ ਬੋਲ ਰਹੇ ਹਨ। ਉਹ ਗਿਰੀਰਾਜ ਸਿੰਘ (ਕੇਂਦਰੀ ਮੰਤਰੀ) ਵਾਂਗ ਗੱਲ ਕਰ ਰਹੇ ਹਨ। ਇਹ ਅਜਿਹਾ ਸਮਾਂ ਹੈ ਜਦੋਂ ਬੜਬੋਲੇ ਅਤੇ ਮਾਨਸਿਕ ਤੌਰ ’ਤੇ ਕੰਗਾਲ ਵਿਅਕਤੀ ਨੂੰ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਹੈ।’ ਉਨ੍ਹਾਂ ਬਾਅਦ ’ਚ ਟਵੀਟ ਕੀਤਾ ਕਿ ਇੱਕ ਆਰਜੇਡੀ ਨੇਤਾ ‘ਗਿਰੀਰਾਜ ਸਿੰਘ ਅਤੇ ਸ਼ਾਹਨਵਾਜ਼ ਹੁਸੈਨ ਵਾਲੀ ਬੋਲੀ ਬੋਲ ਰਿਹਾ ਹੈ’, ਜੋ ਕਾਂਗਰਸ ਨੂੰ ਸਵੀਕਾਰ ਨਹੀਂ। ਇਸੇ ਦੌਰਾਨ ਆਰਜੇਡੀ ਦੇ ਤਰਜਮਾਨ ਮ੍ਰਿਤੁੰਜਯ ਤਿਵਾੜੀ ਅਤੇ ਚਿਤਰੰਜਨ ਗਗਨ ਨੇ ਕਿਹਾ ਕਿ ਇਹ ਤਿਵਾੜੀ ਦੇ ਆਪਣੇ ਵਿਚਾਰ ਹਨ ਅਤੇ ਉਨ੍ਹਾਂ ਦਾ ਬਿਆਨ ਪਾਰਟੀ ਦੇ ਪੱਖ ਦੀ ਤਰਜਮਾਨੀ ਨਹੀਂ ਕਰਦਾ। -ਪੀਟੀਆਈ