ਕਾਸਗੰਜ (ਯੂਪੀ), 26 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ’ਚੋਂ ਹੁਣ ਅਪਰਾਧੀ ਭੱਜ ਰਹੇ ਹਨ ਜਦਕਿ ਪਹਿਲਾਂ ਆਮ ਆਦਮੀ ਨੂੰ ਮਜਬੂਰੀ ’ਚ ਦੂਜੀਆਂ ਥਾਵਾਂ ’ਤੇ ਪ੍ਰਵਾਸ ਕਰਨਾ ਪੈਂਦਾ ਸੀ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਵੇਲੇ ਤਿੰਨ ਪ ‘ਪਰਿਵਾਰਵਾਦ, ਪੱਖਪਾਤ ਅਤੇ ਪਲਾਇਣ’ ਦਾ ਦਬਦਬਾ ਸੀ ਅਤੇ ਸੂਬੇ ’ਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ‘ਵਿਕਾਸਵਾਦ’ ਦੀ ਸਿਆਸਤ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ 2022 ’ਚ ਯੂਪੀ ਦੀਆਂ ਚੋਣਾਂ ਜਿੱਤ ਕੇ ‘ਚੌਕਾ’ ਮਾਰੇਗੀ ਅਤੇ ਵਿਧਾਨ ਸਭਾ ਚੋਣਾਂ ’ਚ 300 ਤੋਂ ਜ਼ਿਆਦਾ ਸੀਟਾਂ ਮਿਲਣਗੀਆਂ। ਸ਼ਾਹ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਕੀਤੇ ਗਏ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕ ਹੁਣ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਨਹੀਂ ਡਰਦੇ ਹਨ। ਕਾਸਗੰਜ ਅਤੇ ਜਲੌਣ ’ਚ ‘ਜਨ ਵਿਸ਼ਵਾਸ ਯਾਤਰਾ’ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਬਸਪਾ ਅਤੇ ਸਮਾਜਵਾਦੀ ਪਾਰਟੀ ’ਤੇ ਇਹ ਵੀ ਦੋਸ਼ ਲਾਇਆ ਕਿ ਉਹ ਜਾਤ ਆਧਾਰਿਤ ਸਿਆਸਤ ਕਰ ਰਹੀਆਂ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ’ਤੇ ਵਰ੍ਹਦਿਆਂ ਸ਼ਾਹ ਨੇ ਕਿਹਾ,‘‘ਉਹ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੀਹਰੇ ਤਲਾਕ ਦੀ ਰਵਾਇਤ ਖ਼ਤਮ ਕਰਕੇ ਮੁਸਲਮਾਨ ਮਹਿਲਾਵਾਂ ਨੂੰ ਸਨਮਾਨ ਦੇਣ ਤੋਂ ਖਫ਼ਾ ਹੈ। ਅਖਿਲੇਸ਼ ਸ਼ੇਖ ਚਿੱਲੀ ਦੇ ਸੁਪਨੇ ਲੈ ਰਿਹਾ ਹੈ ਕਿ ਯੂਪੀ ਦੇ ਲੋਕ ਸਮਾਜਵਾਦੀ ਪਾਰਟੀ ਨੂੰ ਚੁਨਣਗੇ ਅਤੇ ਰਾਮ ਮੰਦਰ ਦੀ ਉਸਾਰੀ ਰੋਕ ਦਿੱਤੀ ਜਾਵੇਗੀ। ਪਰ ਹੁਣ ਕੋਈ ਵੀ ਰਾਮ ਮੰਦਰ ਦੀ ਉਸਾਰੀ ਨਹੀਂ ਰੋਕ ਸਕਦਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ, ਬਸਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਹਰੇਕ ਜ਼ਿਲ੍ਹੇ ’ਚ ‘ਬਾਹੂਬਲੀ’ ਹੁੰਦੇ ਸਨ ਪਰ ਹੁਣ ਹਰੇਕ ਜ਼ਿਲ੍ਹਾ ਆਪਣੇ ਵਿਸ਼ੇਸ਼ ਉਤਪਾਦਾਂ ਲਈ ਜਾਣਿਆ ਜਾਂਦਾ ਹੈ। -ਪੀਟੀਆਈ