ਮੁੰਬਈ, 3 ਅਗਸਤ
ਮੁੰਬਈ ਦੀ ਇੱਕ ਅਦਾਲਤ ਨੇ ਅੱਜ ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕਾਰੋਬਾਰੀ ਰਾਜ ਕੁੰਦਰਾ ਅਤੇ ਉਸ ਦੇ ਸਹਿਯੋਗੀ ਰਿਆਨ ਥੋਰਪੇ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਦੋਵਾਂ ਨੂੰ ਜਿਸ ਕਥਿਤ ਅਪਰਾਧ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਸਮਾਜ ਦੀ ਸਿਹਤ ਲਈ ਨੁਕਸਾਨਦਾਇਕ ਸੀ ਤੇ ਅਜਿਹੇ ਮਾਮਲਿਆਂ ’ਚ ਸਮਾਜ ਦੇ ਹਿੱਤਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਵਧੀਕ ਚੀਫ ਮੈਟਰੋਪਾਲਿਟਨ ਜੱਜ ਐੱਸਬੀ ਭਜੀਪਾਲੇ ਨੇ ਐਪਸ ਰਾਹੀਂ ਅਸ਼ਲੀਲ ਫਿਲਮਾਂ ਦੇ ਕਥਿਤ ਨਿਰਮਾਣ ਤੇ ਉਸ ਦੀ ਸਟਰੀਮਿੰਗ ਨਾਲ ਸਬੰਧਤ ਮਾਮਲੇ ’ਚ 28 ਜੁਲਾਈ ਨੂੰ ਕੁੰਦਰਾ ਤੇ ਥੋਰਪੇ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਇਹ ਟਿੱਪਣੀ ਕੀਤੀ। ਅਦਾਲਤ ਨੇ ਇਹ ਵੀ ਕਿਹਾ ਕਿ ਪੁਲੀਸ ਨੇ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਹੈ। ਅਦਾਲਤ ਦੇ ਹੁਕਮਾਂ ਦੀ ਕਾਪੀ ਅੱਜ ਹੀ ਪ੍ਰਾਪਤ ਹੋਈ ਹੈ। ਕੁੰਦਰਾ ਤੇ ਥੋਰਪੇ ਨੂੰ ਮੁੰਬਈ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਹੁਣ ਵੀ ਨਿਆਂਇਕ ਹਿਰਾਸਤ ’ਚ ਹਨ। ਅਦਾਲਤ ਨੇ ਕਿਹਾ ਕਿ ਕਥਿਤ ਅਪਰਾਧ ਸਮਾਜ ਦੀ ਸਿਹਤ ਲਈ ਨੁਕਸਾਨਦਾਇਕ ਹੈ। -ਪੀਟੀਆਈ
ਗਹਿਣਾ ਵਸ਼ਿਸ਼ਟ ਨੂੰ ਨਹੀਂ ਮਿਲੀ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ
ਮੁੰਬਈ: ਇੱਥੋਂ ਦੀ ਅਦਾਲਤ ਨੇ ਅਸ਼ਲੀਲ ਫਿਲਮਾਂ ਨਾਲ ਸਬੰਧਤ ਕੇਸ ’ਚ ਅਦਾਕਾਰਾ ਗਹਿਣਾ ਵਸ਼ਿਸ਼ਟ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਧੀਕ ਸੈਸ਼ਨ ਕੋਰਟ ਨੇ ਕਿਹਾ ਕਿ ਅਦਾਕਾਰਾ ’ਤੇ ਲੱਗੇ ਦੋਸ਼ ਗੰਭੀਰ ਕਿਸਮ ਦੇ ਹਨ ਤੇ ਅਜਿਹੇ ’ਚ ਉਸ ਨੂੰ ਅੰਤਰਿਮ ਰਾਹਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕੇਸ ਦੀ ਸੁਣਵਾਈ 6 ਅਗਸਤ ਨੂੰ ਪਾ ਦਿੱਤੀ ਹੈ। -ਪੀਟੀਆਈ