ਨਵੀਂ ਦਿੱਲੀ, 3 ਦਸੰਬਰ
ਇੰਟਰਪੋਲ ਨੇ ਪੂਰੀ ਦੁਨੀਆਂ ਦੀਆਂ ਐੱਨਫੋਰਸਮੈਂਟ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਸੰਗਠਿਤ ਅਪਰਾਧੀ ਗਰੋਹ ਕੋਵਿਡ-19 ਦੀ ਜਾਅਲੀ ਵੈਕਸੀਨ ਇੰਟਰਨੈੱਟ ਰਾਹੀਂ ਜਾਂ ਜਨਤਕ ਤੌਰ ’ਤੇ ਵੇਚਣ ਦੀ ਕੋਸ਼ਿਸ਼ ਕਰ ਸਕਦੇ ਹਨ। ਲਿਓਨ ਆਧਾਰਿਤ ਕੌਮਾਂਤਰੀ ਪੁਲੀਸ ਸਹਿਯੋਗੀ ਸੰਸਥਾ ਵੱਲੋਂ ਇਸ ਸਬੰਧ ’ਚ ਸਾਰੇ 194 ਮੈਂਬਰ ਦੇਸ਼ਾਂ ਨੂੰ ਬੁੱਧਵਾਰ ਇੱਕ ਸੰਗਤਰੀ ਨੋਟਿਸ ਜਾਰੀ ਕੀਤਾ ਗਿਆ ਹੈ। ਇੰਟਰਪੋਲ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ, ‘ਨੋਟਿਸ ’ਚ ਅਜਿਹੇ ਅਪਰਾਧਾਂ ਦੀਆਂ ਉਦਾਹਰਨਾਂ ਵੀ ਹਨ, ਜਿੱਥੇ ਲੋਕ ਜਾਅਲੀ ਟੀਕਿਆਂ ਦੀ ਵਿੱਕਰੀ, ਮਸ਼ਹੂਰੀਆਂ, ਪ੍ਰਬੰਧ ਚਲਾ ਰਹੇ ਹਨ।’
ਨੋਟਿਸ ’ਚ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਗਈ, ‘ਉਹ ਕੋਵਿਡ-19 ਅਤੇ ਫਲੂ ਵੈਕਸੀਨਾਂ ਦੀ ਚੋਰੀ, ਫਰਜ਼ੀ ਤੇ ਗ਼ੈਰਕਾਨੂੰਨੀ ਮਸ਼ਹੂਰੀਆਂ ਦੇ ਖ਼ਤਰੇ ਪ੍ਰਤੀ ਚੌਕਸ ਰਹਿਣ।’ ਇੰਟਰਪੋਲ ਵੱਲੋਂ ਸੰਤਰੀ ਨੋਟਿਸ ਜਨਤਕ ਸੁਰੱਖਿਆ ਲਈ ਖ਼ਤਰਾ ਬਣਨ ਵਾਲੇ ਕਿਸੇ ਵਿਅਕਤੀ, ਵਸਤੂ ਜਾਂ ਪ੍ਰਕਿਰਿਆ ਤੋਂ ਬਚਾਅ ਲਈ ਚੇਤਾਵਨੀ ਵਜੋਂ ਜਾਰੀ ਕੀਤਾ ਜਾਂਦਾ ਹੈ। ਸੀਬੀਆਈ, ਜੋ ਭਾਰਤ ਦੀ ਕੌਮੀ ਜਾਂਚ ਏਜੰਸੀ ਹੈ, ਇੰਟਰਪੋਲ ਨਾਲ ਤਾਲਮੇਲ ਕਰਦੀ ਹੈ।
ਇੰਟਰਪੋਲ ਨੇ ਇਹ ਚੇਤਾਵਨੀ ਯੂਕੇ ਵੱਲੋਂ ਕੋਵਿਡ-19 ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਇੱਕ ਦਿਨ ਮਗਰੋਂ ਜਾਰੀ ਕੀਤੀ ਹੈ। ਵੈਕਸੀਨ ਨੂੰ ਮਨਜ਼ੂਰੀ ਦੀ ਦੌੜ ’ਚ ਅਮਰੀਕਾ ਤੇ ਯੂਰੋਪੀਅਨ ਯੂਨੀਅਨ ਵੀ ਸ਼ਾਮਲ ਹਨ। ਇੰਟਰਪੋਲ ਨੇ ਪੁਲੀਸ ਸੰਗਠਨਾਂ ਨੂੰ ਵੈਕਸੀਨ ਦੀ ਸਪਲਾਈ ਲੜੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਦਿਆਂ ‘ਫਰਜ਼ੀ ਵੈੱਬਸਾਈਟਾਂ ’ਤੇ ਵਿਕਦੇ ਉਤਪਾਦਾਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ।’
-ਪੀਟੀਆਈ