ਜੰਮੂ, 16 ਅਕਤੂਬਰ
ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਦਾ ਅੱਜ ਇਥੇ ਅੰਤਿਮ ਸੰਸਕਾਰ ਕੀਤਾ ਗਿਆ। ਭੱਟ ਨੂੰ ਬੀਤੇ ਦਿਨ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਚੌਧਰੀ ਗੁੰਡ ਇਲਾਕੇ ‘ਚ ਉਨ੍ਹਾਂ ਦੇ ਜੱਦੀ ਘਰ ਦੇ ਬਾਹਰ ਅਤਿਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਦੇਰ ਰਾਤ ਜੰਮੂ ‘ਚ ਭੱਟ ਦੇ ਨਿਵਾਸ ‘ਤੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ ਸੀ। ਭੱਟ ਦੇ ਦੋ ਬੱਚਿਆਂ ਸ਼੍ਰਿਆ (ਧੀ) ਅਤੇ ਸ਼ਾਨੂ (ਪੁੱਤਰ) ਅਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਹਜ਼ਾਰਾਂ ਲੋਕ ਐਤਵਾਰ ਨੂੰ ਬਨ ਤਾਲਾਬ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਨੂੰ ਹੰਝੂਆਂ ਨਾਲ ਵਿਦਾਈ ਦੇਣ ਲਈ ਇਕੱਠੇ ਹੋਏ।