ਤਿਰੂਵਨੰਤਪੁਰਮ/ਨਵੀਂ ਦਿੱਲੀ, 4 ਸਤੰਬਰ
ਸੀਨੀਅਰ ਸੀਪੀਐਮ ਆਗੂ ਤੇ ਕੇਰਲਾ ਦੀ ਸਾਬਕਾ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਰਮਨ ਮੈਗਸੇਸੇ ਪੁਰਸਕਾਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਫਿਲਪੀਨਜ਼ ਦੇ ਮਰਹੂਮ ਰਾਸ਼ਟਰਪਤੀ, ਜਿਨ੍ਹਾਂ ਦੇ ਨਾਂ ਉਤੇ ਇਹ ਪੁਰਸਕਾਰ ਦਿੱਤਾ ਜਾਂਦਾ ਹੈ, ਕਮਿਊਨਿਸਟਾਂ ’ਤੇ ਕਥਿਤ ਤੌਰ ’ਤੇ ਜ਼ੁਲਮ ਕਰਨ ਲਈ ਜਾਣੇ ਜਾਂਦੇ ਰਹੇ ਹਨ। ਕੇਰਲਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੈਲਜਾ ਨੇ ਕਿਹਾ ਕਿ ਉਨ੍ਹਾਂ ਪੁਰਸਕਾਰ ਠੁਕਰਾ ਦਿੱਤਾ ਹੈ ਕਿਉਂਕਿ ਉਹ ਵਿਅਕਤੀਗਤ ਪੱਧਰ ’ਤੇ ਸਨਮਾਨ ਲੈਣ ਵਿਚ ਦਿਲਚਸਪੀ ਨਹੀਂ ਰੱਖਦੇ, ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਇਹ ਪੁਰਸਕਾਰ ਰਮਨ ਮੈਗਸੇਸੇ ਦੇ ਨਾਂ ਉਤੇ ਹੈ ਤੇ ਫਿਲਪੀਨਜ਼ ਵਿਚ ਕਮਿਊਨਿਸਟਾਂ ਦਾ ਘਾਣ ਕਰਨ ਦਾ ਉਨ੍ਹਾਂ ਦਾ ਇਤਿਹਾਸ ਰਿਹਾ ਹੈ। ਦੱਸਣਯੋਗ ਹੈ ਕਿ ਸ਼ੈਲਜਾ ਸੀਪੀਐਮ ਦੀ ਕੇਂਦਰੀ ਕਮੇਟੀ ਦੀ ਮੈਂਬਰ ਹੈ। ਉਨ੍ਹਾਂ ਇਹ ਫ਼ੈਸਲਾ ਪਾਰਟੀ ਦੀ ਕੌਮੀ ਲੀਡਰਸ਼ਿਪ ਨਾਲ ਸਲਾਹ ਕਰਨ ਤੋਂ ਬਾਅਦ ਲਿਆ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਜਿਸ ਕੰਮ ਲਈ ਉਨ੍ਹਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਹੋਇਆ ਹੈ, ਉਹ ਅਸਲ ਵਿਚ ਸਾਂਝੇ ਯਤਨਾਂ ਦਾ ਹਿੱਸਾ ਸੀ ਤੇ ਉਨ੍ਹਾਂ ਵੱਲੋਂ ਇਕੱਲੇ ਪੁਰਸਕਾਰ ਲੈਣਾ ਠੀਕ ਨਹੀਂ ਹੋਵੇਗਾ। ਖੱਬੇ ਪੱਖੀ ਆਗੂਆਂ ਨੇ ਦਾਅਵਾ ਕੀਤਾ ਕਿ ਫਿਲਪੀਨਜ਼ ਦੇ ਮਰਹੂਮ ਰਾਸ਼ਟਰਪਤੀ ਰਮਨ ਮੈਗਸੇਸੇ ਕੱਟੜ ਕਮਿਊਨਿਸਟ ਵਿਰੋਧੀ ਸਨ। ਉਨ੍ਹਾਂ 1950 ਤੋਂ ਬਾਅਦ ਦੇਸ਼ ’ਚ ਕਿਸਾਨਾਂ ਵੱਲੋਂ ਚਲਾਏ ਕਮਿਊਨਿਸਟ ਗੁਰੀਲਾ ਅੰਦੋਲਨ ਦਾ ਦਮਨ ਕੀਤਾ। ਸੀਤਾਰਾਮ ਯੇਚੁਰੀ ਨੇ ਵੀ ਇਕ ਬਿਆਨ ਵਿਚ ਕਿਹਾ ਕਿ, ‘ਮੈਗਸੇਸੇ ਨੇ ਕਮਿਊਨਿਸਟਾਂ ’ਤੇ ਜ਼ੁਲਮ ਕੀਤਾ, ਹੋਰ ਵੀ ਕਾਰਨ ਹਨ ਜਿਨ੍ਹਾਂ ਕਰ ਕੇ ਸ਼ੈਲਜਾ ਨੇ ਨਿਮਰਤਾ ਨਾਲ ਪੁਰਸਕਾਰ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ ਹੈ।’ -ਪੀਟੀਆਈ
ਸਿਹਤ ਖੇਤਰ ’ਚ ਹੋਇਆ ਉਸਾਰੂ ਕਾਰਜ ਸਾਂਝੇ ਯਤਨਾਂ ਦਾ ਨਤੀਜਾ: ਯੇਚੁਰੀ
ਸੀਪੀਐਮ ਦੇ ਚੋਟੀ ਦੇ ਆਗੂ ਸੀਤਾਰਾਮ ਯੇਚੁਰੀ ਨੇ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਰਸਕਾਰ ਕੇਰਲਾ ਵਿਚ ਸਿਹਤ-ਸੰਭਾਲ ਖੇਤਰ ’ਚ ਕੀਤੇ ਗਏ ਕੰਮਾਂ ਲਈ ਦਿੱਤਾ ਜਾਣਾ ਸੀ। ਉਨ੍ਹਾਂ ਕਿਹਾ ਕਿ, ‘ਇਹ ਐਲਡੀਐਫ ਸਰਕਾਰ ਤੇ ਕੇਰਲਾ ਸਿਹਤ ਵਿਭਾਗ ਦੇ ਸਾਂਝੇ ਯਤਨਾਂ ਦਾ ਨਤੀਜਾ ਸੀ। ਇਸ ਦਾ ਸਿਹਰਾ ਕਿਸੇ ਇਕ ਨੂੰ ਨਹੀਂ ਜਾਂਦਾ।’ ਉਨ੍ਹਾਂ ਕਿਹਾ ਕਿ ਮੈਗਸੇਸੇ ਐਵਾਰਡ ਹਾਲੇ ਤੱਕ ਕਿਸੇ ਸਰਗਰਮ ਸਿਆਸੀ ਆਗੂ ਨੂੰ ਨਹੀਂ ਮਿਲਿਆ ਤੇ ਕੇਂਦਰੀ ਕਮੇਟੀ ਪਾਰਟੀ ਦੇ ਫ਼ੈਸਲੇ ਲੈਣ ਵਾਲੀ ਸਭ ਤੋਂ ਸਿਖ਼ਰਲੀ ਇਕਾਈ ਹੈ। -ਪੀਟੀਆਈ