ਵਿਜੈਵਾੜਾ, 16 ਅਕਤੂਬਰ
ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਨੇ ਅੱਜ ਮੰਗ ਕੀਤੀ ਕਿ ਨਰਿੰਦਰ ਮੋਦੀ ਸਰਕਾਰ ਨੂੰ ਆਪਣੀਆਂ ‘ਤਬਾਹਕੁਨ ਆਰਥਿਕ ਨੀਤੀਆਂ’ ਵਾਪਸ ਲੈਣੀਆਂ ਚਾਹੀਦੀਆਂ ਹਨ ਤੇ ਸਰਕਾਰੀ ਖੇਤਰ ਦੀਆਂ ਇਕਾਈਆਂ ਵਿਚ ਨਿਵੇਸ਼ ਕਰ ਕੇ ਰੁਜ਼ਗਾਰ ਪੈਦਾ ਕਰਨਾ ਚਾਹੀਦਾ ਹੈ।
ਇਸ ਬਾਰੇ ਇਕ ਮਤਾ ਅੱਜ ਇੱਥੇ ਸੀਪੀਆਈ ਦੀ 24ਵੀਂ ਕੌਮੀ ਕਾਂਗਰਸ ਮੌਕੇ ਪਾਸ ਕੀਤਾ ਗਿਆ। ਸੀਪੀਆਈ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਪੋਰੇਟਾਂ ਤੇ ਵੱਡੇ ਅਮੀਰਾਂ ਦੇ ਹੱਕ ਵਿਚ ਹਨ, ਤੇ ਇਹ ਗਰੀਬਾਂ ਤੇ ਦੇਸ਼ ਦੇ ਆਮ ਲੋਕਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ਕੇਂਦਰ ਨੂੰ ਸਰਕਾਰੀ ਖੇਤਰ ਨੂੰ ਹੁਲਾਰਾ ਦੇਣਾ ਚਾਹੀਦਾ ਹੈ, ਨਿਰਮਾਣ ਇਕਾਈਆਂ ਵਿਚ ਪੈਸਾ ਲਾਉਣਾ ਚਾਹੀਦਾ ਹੈ ਤਾਂ ਕਿ ਨੌਕਰੀਆਂ ਪੈਦਾ ਹੋ ਸਕਣ। ਸੀਪੀਆਈ ਨੇ ਮੰਗ ਕੀਤੀ ਕਿ ਕੇਂਦਰ ਨੂੰ ਤੁਰੰਤ ਬੈਂਕਾਂ ਤੇ ਹੋਰ ਸਰਕਾਰੀ ਕੰਪਨੀਆਂ ਵਿਚੋਂ ਆਪਣੀ ਹਿੱਸੇਦਾਰੀ ਵੇਚਣ ਦਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ।
ਕਮਿਊਨਿਸਟ ਪਾਰਟੀ ਨੇ ਕਿਹਾ ਕਿ ਉਹ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਤੇ ਤਬਾਹਕੁਨ ਆਰਥਿਕ ਨੀਤੀਆਂ ਦੇ ਵਿਰੋਧ ’ਚ ਸੰਘਰਸ਼ ਕਰਨਗੇ। ਪਾਰਟੀ ਨੇ ਦੇਸ਼ ਦੀ ਘੱਟ ਰਹੀ ਜੀਡੀਪੀ ਲਈ ਨੋਟਬੰਦੀ ਤੇ ਜੀਐੱਸਟੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਰੁਪਏ ਦੇ ਡਿੱਗਣ ਤੇ ਵਿਦੇਸ਼ ਮੁਦਰਾ ਭੰਡਾਰ ਘਟਣ ਦਾ ਮੁੱਦਾ ਵੀ ਉਠਾਇਆ। ਸੀਪੀਆਈ ਨੇ ਕਿਹਾ ਕਿ ਮਹਿੰਗਾਈ ਵਧਦੀ ਜਾ ਰਹੀ ਹੈ ਤੇ ਜ਼ਰੂਰੀ ਚੀਜ਼ਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਲਈ ਵੀ ਸਰਕਾਰ ਨੇ ਬਜਟ ਬਹੁਤ ਥੋੜ੍ਹਾ ਰੱਖਿਆ ਹੈ। -ਪੀਟੀਆਈ