ਪਟਨਾ, 26 ਅਗਸਤ
ਖੱਬੀਆਂ ਪਾਰਟੀਆਂ ਸੀਪੀਆਈ ਤੇ ਸੀਪੀਐੱਮ ਨੇ ਅਗਾਮੀ ਬਿਹਾਰ ਚੋਣਾਂ ਵਿੱਚ ਸੱਤਾਧਾਰੀ ਐੱਨਡੀਏ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਆਰਜੇਡੀ ਤੇ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਦੀ ਸ਼ਮੂਲੀਅਤ ਵਾਲੇ ਮਹਾਗੱਠਜੋੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਅਕਤੂਬਰ-ਨਵੰਬਰ ਵਿੱਚ ਹੋਣੀਆਂ ਹਨ। ਖੱਬੀਆਂ ਪਾਰਟੀਆਂ ਨੇ ਐਲਾਨ ਤੋਂ ਪਹਿਲਾਂ ਅੱਜ ਬਿਹਾਰ ਵਿੱਚ ਆਰਜੇਡੀ ਦੇ ਪ੍ਰਧਾਨ ਜਗਦਾਨੰਦ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਸੂਬਾ ਸਕੱਤਰਾਂ ਰਾਮ ਨਰੇਸ਼ ਪਾਂਡੇ ਤੇ ਅਵਧੇਸ਼ ਕੁਮਾਰ ਨੇ ਆਪੋ ਆਪਣੀ ਪਾਰਟੀ ਦੀ ਨੁਮਾਇੰਦਗੀ ਕੀਤੀ। ਚੇਤੇ ਰਹੇ ਕਿ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੀ ਹਿੰਦੁਸਤਾਨੀ ਅਵਾਮ ਮੋਰਚਾ ਨੇ ਪਿਛਲੇ ਦਿਨੀਂ ਵਿਰੋਧੀ ਧਿਰਾਂ ਦੇ ਮਹਾਗੱਠਜੋੜ ਤੋਂ ਲਾਂਭੇ ਹੋਣ ਦਾ ਐਲਾਨ ਕੀਤਾ ਸੀ। -ਪੀਟੀਆਈ