ਪ੍ਰਯਾਗਰਾਜ (ਉੱਤਰ ਪ੍ਰਦੇਸ਼), 2 ਸਤੰਬਰ
ਅਲਾਹਾਬਾਦ ਹਾਈ ਕੋਰਟ ਨੇ ਅੱਜ ਇੱਥੇ ਕਿਹਾ ਕਿ ਗਊ ਨੂੰ ਕੌਮੀ ਪਸ਼ੂ ਐਲਾਨਿਆ ਜਾਣਾ ਚਾਹੀਦਾ ਹੈ ਅਤੇ ਇਸ ਦੀ ਸੁਰੱਖਿਆ ਮੌਲਿਕ ਅਧਿਕਾਰ ਹੋਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਜਦੋਂ ਦੇਸ਼ ਦੇ ਸੱਭਿਆਚਾਰ ਤੇ ਅਕੀਦੇ ਨੂੰ ਸੱਟ ਵੱਜਦੀ ਹੈ ਤਾਂ ਦੇਸ਼ ਕਮਜ਼ੋਰ ਹੋ ਜਾਂਦਾ ਹੈ। ਅਦਾਲਤ ਨੇ ਇਹ ਗੱਲ ਗਊ ਨੂੰ ਮਾਰਨ ਦੇ ਮੁਲਜ਼ਮ ਜਾਵੇਦ ਦੀ ਜ਼ਮਾਨਤ ਰੱਦ ਕਰਦਿਆਂ ਆਖੀ।
12 ਸਫ਼ਿਆਂ ਦੇ ਫੈਸਲੇ ਵਿੱਚ ਜਸਟਿਸ ਸ਼ੇਖਰ ਕੁਮਾਰ ਯਾਦਵ ਨੇ ਕਿਹਾ ਕਿ ਮੁਲਜ਼ਮ ਨੇ ਗਊ ਚੋਰੀ ਕਰਨ ਤੋਂ ਬਾਅਦ ਇਸ ਨੂੰ ਮਾਰ ਦਿੱਤਾ ਅਤੇ ਸਿਰ ਲਾਹ ਕੇ ਮਾਸ ਬਣਾਇਆ। ਇਹ ਮੁਲਜ਼ਮ ਦਾ ਪਹਿਲਾ ਅਪਰਾਧ ਨਹੀਂ ਹੈ, ਪਹਿਲਾਂ ਵੀ ਇਸ ਨੇ ਗਊ ਦੀ ਵੱਢ-ਟੁੱਕ ਕੀਤੀ ਸੀ ਜਿਸ ਨਾਲ ਸਮਾਜ ਦੀ ਸਦਭਾਵਨਾ ਨੂੰ ਠੇਸ ਪੁੱਜੀ ਸੀ। -ਆਈਏਐੱਨਐੱਸ