ਨਵੀਂ ਦਿੱਲੀ, 21 ਜਨਵਰੀ
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ ਕਿਹਾ ਕਿ ਕੋਵਿਡ-19 ਟੀਕਾ ਲਗਵਾਉਣ ਨਾਲ ਲੋਕ ਲਾਗ ਤੋਂ ਆਪਣਾ ਬਚਾਅ ਕਰ ਸਕਣਗੇ ਅਤੇ ਕੁਝ ਸਮੇਂ ਦੇ ਅੰਦਰ ਇਹ ਮਹਾਮਾਰੀ ਜੜ੍ਹ ਤੋਂ ਖ਼ਤਮ ਹੋ ਜਾਵੇਗੀ। ਉਨ੍ਹਾਂ ਕੁਝ ਲੋਕਾਂ ’ਚ ਟੀਕਾ ਲਗਵਾਉਣ ਨਾਲ ਸਬੰਧਤ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਆਈਈਸੀ ਪੋਸਟਰ ਜਾਰੀ ਕਰਦਿਆਂ ਇਹ ਭਰੋਸਾ ਦਿੱਤਾ। ਕੇਂਦਰੀ ਮੰਤਰੀ ਨੇ ਟੀਕਿਆਂ ਨਾਲ ਸਬੰਧਤ ਸੁਰੱਖਿਆ ਅਤੇ ਉਸ ਦੇ ਅਸਰ ਬਾਰੇ ਟਿੱਪਣੀ ਕਰਦਿਆਂ ਕਿਹਾ,‘‘ਇਹ ਅਜੀਬ ਗੱਲ ਹੈ ਕਿ ਇਕ ਪਾਸੇ ਤਾਂ ਦੂਜੇ ਮੁਲਕ ਸਾਡੇ ਤੋਂ ਟੀਕੇ ਮੰਗ ਰਹੇ ਹਨ ਅਤੇ ਦੂਜੇ ਪਾਸੇ ਆਪਣੇ ਮੁਲਕ ’ਚ ਇਕ ਅਜਿਹਾ ਵਰਗ ਹੈ ਜੋ ਸੌੜੇ ਸਿਆਸੀ ਹਿੱਤਾਂ ਲਈ ਇਨ੍ਹਾਂ ਟੀਕਿਆਂ ਬਾਰ ਗਲਤ ਜਾਣਕਾਰੀ ਫੈਲਾ ਕੇ ਸ਼ੱਕ ਪੈਦਾ ਕਰ ਰਿਹਾ ਹੈ।’’ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਹਰਸ਼ਵਰਧਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਲੋਕ ਟੀਕੇ ਬਾਰੇ ਫੈਲਾਈਆਂ ਜਾ ਰਹੀਆਂ ਗੁੰਮਰਾਹਕੁਨ ਜਾਣਕਾਰੀਆਂ ਤੋਂ ਸੁਚੇਤ ਰਹਿਣ। ਉਨ੍ਹਾਂ ਕੋਵਿਡ ਟੀਕਿਆਂ ਦੀ ਸੁਰੱਖਿਆ ਅਤੇ ਅਸਰਦਾਰ ਹੋਣ ਬਾਰੇ ਕਿਹਾ ਕਿ ਮਸ਼ਹੂਰ ਹਸਪਤਾਲਾਂ ਦੇ ਨਾਮੀ ਡਾਕਟਰ ਟੀਕੇ ਲਗਵਾ ਚੁੱਕੇ ਹਨ ਅਤੇ ਉਨ੍ਹਾਂ ਟੀਕਾਕਰਨ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੋਲੀਓ ਅਤੇ ਛੋਟੀ ਮਾਤਾ (ਸਮਾਲ ਪੌਕਸ) ਜਿਹੀਆਂ ਬਿਮਾਰੀਆਂ ਦਾ ਖ਼ਾਤਮਾ ਵੱਡੇ ਪੱਧਰ ’ਤੇ ਟੀਕਾਕਰਨ ਨਾਲ ਸੰਭਵ ਹੋਇਆ ਸੀ। ਇਸੇ ਤਰ੍ਹਾਂ ਕੋਵਿਡ ਦੇ ਟੀਕੇ ਲਗਵਾਉਣ ਨਾਲ ਕੋਈ ਵੀ ਅੱਗੇ ਲਾਗ ਨਹੀਂ ਫੈਲਾ ਸਕੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਵੈਕਸੀਨਾਂ ਬਾਰੇ ਭਰੋਸੇਯੋਗ ਸਰੋਤਾਂ ਜਿਵੇਂ ਸਿਹਤ ਮੰਤਰਾਲਾ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਪ੍ਰੈੱਸ ਇਨਫਰਮੇਸ਼ਨ ਬਿਊਰੋ ਆਦਿ ਤੋਂ ਸਹੀ ਜਾਣਕਾਰੀ ਲੈਣ। -ਪੀਟੀਆਈ
ਦੇਸ਼ ਵਿੱਚ 15 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ
ਨਵੀਂ ਦਿੱਲੀ: ਦੇਸ਼ ’ਚ ਕਰੋਨਾਵਾਇਰਸ ਦੇ 15,223 ਨਵੇਂ ਕੇਸ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵਧ ਕੇ 1.06 ਕਰੋੜ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤੱਕ 1,02,65,706 ਵਿਅਕਤੀ ਤੰਦਰੁਸਤ ਹੋ ਚੁੱਕੇ ਹਨ। ਦੇਸ਼ ’ਚ ਸਿਹਤਯਾਬੀ ਦਰ 96.75 ਫ਼ੀਸਦ ’ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ’ਚ 151 ਵਿਅਕਤੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,52,869 ਹੋ ਗਈ ਹੈ। ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਦੋ ਲੱਖ ਤੋਂ ਹੇਠਾਂ ਹੈ। ਆਈਸੀਐੱਮਆਰ ਮੁਤਾਬਕ 20 ਜਨਵਰੀ ਤੱਕ 18,93,47,782 ਨਮੂਨੇ ਲਏ ਜਾ ਚੁੱਕੇ ਸਨ ਜਿਨ੍ਹਾਂ ’ਚੋਂ ਇਕੱਲੇ 7,80,835 ਨਮੂਨੇ ਬੁੱਧਵਾਰ ਨੂੰ ਲਏ ਗਏ। ਲਾਗ ਨਾਲ ਬੁੱਧਵਾਰ ਨੂੰ ਮਰਨ ਵਾਲੇ 151 ਵਿਅਕਤੀਆਂ ’ਚੋਂ 59 ਮਹਾਰਾਸ਼ਟਰ, 18, ਕੇਰਲਾ ਅਤੇ 10-10 ਦਿੱਲੀ ਤੇ ਛੱਤੀਸਗੜ੍ਹ ਦੇ ਹਨ। -ਪੀਟੀਆਈ
ਪੰਜਾਬ ’ਚ ਕਰੋਨਾ ਕਾਰਨ 15 ਹੋਰ ਵਿਅਕਤੀਆਂ ਦੀ ਮੌਤ
ਚੰਡੀਗੜ੍ਹ (ਟ੍ਰਿਬਿਊਨ ਨਿਊਜ ਸਰਵਿਸ): ਪੰਜਾਬ ’ਚ ਕਰੋਨਾਵਾਇਰਸ ਕਾਰਨ ਬੀਤੇ 24 ਘੰਟਿਆਂ ’ਚ 15 ਵਿਅਕਤੀਆਂ ਦੀ ਮੌਤ ਹੋ ਗਈ ਹੈ। ਬਠਿੰਡਾ ਅਤੇ ਲੁਧਿਆਣਾ ’ਚ 3-3, ਅੰਮ੍ਰਿਤਸਰ, ਜਲੰਧਰ ਤੇ ਸੰਗਰੂਰ ’ਚ 2-2, ਮੁਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਬੀਤੇ ਇਕ ਦਿਨ ਦੌਰਾਨ ਕਰੋਨਾ ਦੇ 181 ਸੱਜਰੇ ਮਾਮਲੇ ਸਾਹਮਣੇ ਆਏ ਹਨ।