ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਈ
ਪੰਜਾਬ ’ਚ ਕੋਵਿਡ ਵੈਕਸੀਨ ਦੀਆਂ ਕਰੀਬ 1.83 ਲੱਖ ਖ਼ੁਰਾਕਾਂ ਖਰਾਬ ਹੋਈਆਂ ਹਨ। ਕੇਂਦਰ ਸਰਕਾਰ ਵੱਲੋਂ ਅੱਜ ਜਾਰੀ ਰਿਪੋਰਟ ਅਨੁਸਾਰ ਪੰਜਾਬ ਮੁਲਕ ਦੇ ਪਹਿਲੇ ਪੰਜ ਸੂਬਿਆਂ ਵਿਚ ਸ਼ੁਮਾਰ ਹੈ ਜਿੱਥੇ ਵੈਕਸੀਨ ਖ਼ੁਰਾਕਾਂ ਜ਼ਿਆਦਾ ਅਜਾਈਂ ਗਈਆਂ ਹਨ। ਪੰਜ ਸੂਬਿਆਂ ’ਚ ਸਮੇਂ ਸਿਰ ਡੋਜ਼ ਨਾ ਲੱਗਣ ਕਰਕੇ ਵੈਕਸੀਨ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਕੇਂਦਰੀ ਰਿਪੋਰਟ ਅਨੁਸਾਰ ਪੰਜਾਬ ਨੂੰ ਹੁਣ ਤੱਕ 36.86 ਲੱਖ ਕੋਵਿਡ ਖ਼ੁਰਾਕਾਂ ਦੀ ਸਪਲਾਈ ਦਿੱਤੀ ਗਈ ਹੈ ਜਿਸ ’ਚੋਂ ਅੱਜ ਤੱਕ 36.81 ਲੱਖ ਖ਼ੁਰਾਕਾਂ (ਸਮੇਤ ਖਰਾਬ ਹੋਈਆਂ ਖ਼ੁਰਾਕਾਂ ਦੇ) ਲੱਗ ਚੁੱਕੀਆਂ ਹਨ ਅਤੇ ਪੰਜਾਬ ਕੋਲ ਹੁਣ 5253 ਖ਼ੁਰਾਕਾਂ ਬਚੀਆਂ ਹਨ। ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ 2.75 ਲੱਖ ਵੈਕਸੀਨ ਖ਼ੁਰਾਕਾਂ ਦੀ ਸਪਲਾਈ ਮਿਲਣੀ ਹੈ। ਪੰਜਾਬ ਸਰਕਾਰ ਨੇ ਪਹਿਲਾਂ 18 ਤੋਂ 45 ਸਾਲ ਉਮਰ ਵਰਗ ਲਈ ਪਹਿਲੀ ਮਈ ਤੋਂ ਕਰੋਨਾ ਦੇ ਟੀਕੇ ਲਗਾਉਣ ਦਾ ਐਲਾਨ ਕੀਤਾ ਸੀ ਪਰ ਵੈਕਸੀਨ ਦੀ ਕਮੀ ਕਰਕੇ ਪੰਜਾਬ ਨੂੰ ਇਹ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਹੈ। ਪੰਜਾਬ ਸਰਕਾਰ ਨੇ ਇਸ ਉਮਰ ਵਰਗ ਲਈ 30 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਸੀ ਪਰ ਕੇਂਦਰ ਨੇ ਮਈ ਮਹੀਨੇ ਵਿਚ 3.30 ਲੱਖ ਖੁਰਾਕਾਂ ਦੇਣ ਦੀ ਗੱਲ ਕਹੀ ਹੈ। ਕੇਂਦਰ ਸਰਕਾਰ ਵੈਕਸੀਨ ਵੰਡ ’ਚ ਪੰਜਾਬ ਨਾਲ ਵਿਤਕਰਾ ਵੀ ਕਰ ਰਹੀ ਹੈ। ਪੰਜਾਬ ਦੀ ਅਨੁਮਾਨਿਤ 3.02 ਕਰੋੜ ਦੀ ਆਬਾਦੀ ਲਈ 36.86 ਲੱਖ ਖ਼ੁਰਾਕਾਂ ਦਿੱਤੀਆਂ ਹਨ ਜਦਕਿ ਹਰਿਆਣਾ ਨੂੰ 45.02 ਲੱਖ ਖ਼ੁਰਾਕਾਂ ਦਿੱਤੀਆਂ ਗਈਆਂ ਹਨ ਜਦਕਿ ਹਰਿਆਣਾ ਦੀ ਅਨੁਮਾਨਿਤ ਆਬਾਦੀ 2.93 ਕਰੋੜ ਦੱਸੀ ਜਾ ਰਹੀ ਹੈ। ਇਵੇਂ ਪੱਛਮੀ ਬੰਗਾਲ ਦੀ ਅਨੁਮਾਨਿਤ ਆਬਾਦੀ 9.78 ਕਰੋੜ ਹੈ ਤੇ ਇਸ ਨੂੰ ਅੱਜ ਤੱਕ 1.13 ਕਰੋੋੜ ਖ਼ੁਰਾਕਾਂ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਗੁਜਰਾਤ ਨੂੰ ਹੁਣ ਤੱਕ 1.32 ਕਰੋੜ ਟੀਕੇ ਮਿਲੇ ਹਨ ਤੇ ਇਸ ਦੀ ਆਬਾਦੀ 6.94 ਕਰੋੜ ਦੱਸੀ ਜਾ ਰਹੀ ਹੈ।
ਰਿਪੋਰਟ ਅਨੁਸਾਰ ਸਭ ਤੋਂ ਵੱਧ 8.83 ਫੀਸਦ ਖੁਰਾਕਾਂ ਤਾਮਿਲ ਨਾਡੂ ’ਚ ਖਰਾਬ ਹੋਈਆਂ ਹਨ ਤੇ ਇਸ ਤੋਂ ਬਾਅਦ ਆਸਾਮ ਵਿੱਚ 7.70 ਫੀਸਦ, ਮਨੀਪੁਰ ਵਿਚ 7.44 ਫੀਸਦ, ਹਰਿਆਣਾ ਵਿਚ 5.72 ਫੀਸਦੀ ਤੇ ਪੰਜਾਬ ’ਚ 4.98 ਫੀਸਦੀ ਵੈਕਸੀਨ ਖ਼ੁਰਾਕਾਂ ਖਰਾਬ ਹੋਈਆਂ ਹਨ। ਉੱਤਰ ਪ੍ਰਦੇਸ਼ ਕੋਲ ਇਸ ਸਮੇਂ 14.25 ਲੱਖ ਖ਼ੁਰਾਕਾਂ ਤੇ ਬਿਹਾਰ ਕੋਲ 8.69 ਲੱਖ ਖ਼ੁਰਾਕਾਂ ਪਈਆਂ ਹਨ।