ਨਵੀਂ ਦਿੱਲੀ, 11 ਅਗਸਤ
ਦੇਸ਼ ’ਚ ਕਰੋਨਾਵਾਇਸ ਦੇ ਨਵੇਂ ਕੇਸਾਂ ਦੀ ਗਿਣਤੀ 38,353 ਦਰਜ ਕੀਤੀ ਗਈ ਹੈ। ਲਾਗ ਤੋਂ ਪੀੜਤ ਕੁੱਲ ਵਿਅਕਤੀਆਂ ਦੀ ਗਿਣਤੀ ਵਧ ਕੇ 3,30,36,511 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਰਗਰਮ ਕੇਸ ਘਟ ਕੇ 3,86,351 ਰਹਿ ਗਏ ਹਨ ਜੋ ਪਿਛਲੇ 140 ਦਿਨਾਂ ’ਚ ਸਭ ਤੋਂ ਘੱਟ ਹਨ। ਬੀਤੇ ਇਕ ਦਿਨ ’ਚ ਸਰਗਰਮ ਕੇਸਾਂ ’ਚ 2,157 ਦੀ ਗਿਰਾਵਟ ਦਰਜ ਹੋਈ ਹੈ। ਬੀਤੇ 24 ਘੰਟਿਆਂ ’ਚ 497 ਹੋਰ ਵਿਅਕਤੀਆਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦਾ ਅੰਕੜਾ ਵਧ ਕੇ 4,29,179 ’ਤੇ ਪਹੁੰਚ ਗਿਆ ਹੈ। ਦੇਸ਼ ’ਚ ਮੰਗਲਵਾਰ ਨੂੰ 17,77,962 ਟੈਸਟ ਕੀਤੇ ਗਏ। ਹੁਣ ਤੱਕ ਕਰੋਨਾ ਦੇ 48,50,56,507 ਟੈਸਟ ਕੀਤੇ ਜਾ ਚੁੱਕੇ ਹਨ। ਕੌਮੀ ਟੀਕਾਕਰਨ ਮੁਹਿੰਮ ਦੌਰਾਨ ਦੇਸ਼ ’ਚ ਕਰੋਨਾ ਵੈਕਸੀਨ ਦੀਆਂ 51.90 ਕਰੋੜ ਤੋਂ ਜ਼ਿਆਦਾ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ ਕਰੋਨਾ ਵੈਕਸੀਨ ਦੀਆਂ 53.24 ਕਰੋੜ ਤੋਂ ਜ਼ਿਆਦਾ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ 72,40,250 ਹੋਰ ਖੁਰਾਕਾਂ ਸੂਬਿਆਂ ਅਤੇ ਯੂਟੀਜ਼ ਨੂੰ ਛੇਤੀ ਦੇ ਦਿੱਤੀਆਂ ਜਾਣਗੀਆਂ। ਸੂਬਿਆਂ, ਯੂਟੀਜ਼ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ 2.25 ਕਰੋੜ ਖੁਰਾਕਾਂ ਅਣਵਰਤੀਆਂ ਪਈਆਂ ਹਨ। -ਪੀਟੀਆਈ
ਪੰਜਾਬ ਵਿੱਚ ਕਰੋਨਾ ਦੇ 107 ਨਵੇਂ ਕੇਸ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਕਾਰਨ ਕੋਈ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ ਕਰੋਨਾ ਦੇ 107 ਨਵੇਂ ਕੇਸ ਆਏ ਤੇ 45 ਵਿਅਕਤੀਆਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਇਸ ਸਮੇਂ ਸੂਬੇ ਵਿੱਚ 517 ਸਰਗਰਮ ਕੇਸ ਹਨ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਕਾਰਨ ਅੱਜ ਇੱਕ ਮੌਤ ਹੋਈ ਹੈ। ਇਸ ਨਾਲ ਹਰਿਆਣਾ ’ਚ ਕਰੋਨਾ ਮ੍ਰਿਤਕਾਂ ਦਾ ਅੰਕੜਾ 9653 ’ਤੇ ਪੁੱਜ ਗਿਆ ਹੈ। 24 ਘੰਟਿਆਂ ਵਿੱਚ ਇੱਥੇ ਕਰੋਨਾ ਦੇ 16 ਨਵੇਂ ਕੇਸ ਸਾਹਮਣੇ ਆਏ ਅਤੇ 17 ਜਣਿਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 670 ਸਰਗਰਮ ਕੇਸ ਹਨ।
ਕਰੋਨਾ ਵਾਰਡ ’ਚੋਂ ਦੌੜਿਆ ਮਰੀਜ਼
ਕਟਕ: ਸਥਾਨਕ ਐੱਸਸੀਬੀ ਹਸਪਤਾਲ ਦੇ ਕਰੋਨਾ ਵਾਰਡ ਵਿੱਚੋਂ ਮੰਗਲਵਾਰ ਦੇਰ ਰਾਤ ਇੱਕ 55 ਸਾਲਾ ਕਰੋਨਾ ਪਾਜ਼ੇਟਿਵ ਮਰੀਜ਼ ਦੌੜ ਗਿਆ। ਉਕਤ ਮਰੀਜ਼ ਕਟਕ ਜ਼ਿਲ੍ਹੇ ਦੇ ਮਹੰਗਾ ਖੇਤਰ ਦਾ ਵਸਨੀਕ ਹੈ। ਜਿਸ ਦੀ ਭਾਲ ਵਿੱਚ ਪੁਲੀਸ ਨੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਹੈ। ਉਕਤ ਵਿਅਕਤੀ ਮੰਗਲਵਾਰ ਸਵੇਰੇ ਤਿੰਨ ਵਜੇ ਦੱਬੇ ਪੈਰੀਂ ਕੋਵਿਡ ਵਾਰਡ ਵਿੱਚੋਂ ਖਿਸਕਦਾ ਦਿਖਾਈ ਦੇ ਰਿਹਾ ਹੈ। -ਪੀਟੀਆਈ