ਪੁਣੇ, 20 ਮਈ
ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਪੁਣੇ ਅਧਾਰਿਤ ਕੰਪਨੀ ਵੱਲੋਂ ਤਿਆਰ ਕੋਵਿਡ ਟੈਸਟ ਕਿੱਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਟੈਸਟ ਕਿੱਟ ਦੀ ਮਦਦ ਨਾਲ ਹੁਣ ਘਰ ਬੈਠੇ ਕੋਵਿਡ-19 ਦਾ ਟੈਸਟ ਕੀਤਾ ਜਾ ਸਕੇਗਾ ਤੇ ਨਤੀਜਾ ਮਹਿਜ਼ 15 ਮਿੰਟਾਂ ਵਿੱਚ ਮਿਲੇਗਾ। ‘ਕੋਵੀਸੈਲਫ’ ਨਾਂ ਦੀ ਦੇਸ਼ ਦੀ ਪਹਿਲੀ ਕੋਵਿਡ-19 ਹੋਮ-ਟੈਸਟ ਕਿੱਟ ਦੀ ਕੀਮਤ 250 ਰੁਪਏ ਰੱਖੀ ਗਈ ਹੈ ਤੇ ਇਸ ਨੂੰ ਮਾਈਲੈਬ ਡਿਸਕਵਰੀ ਸੌਲਿਊਸ਼ਨਜ਼ ਪੁਣੇ ਨੇ ਵਿਕਸਤ ਕੀਤਾ ਹੈ। ਅਗਲੇ ਕੁਝ ਦਿਨਾਂ ’ਚ ਇਹ ਕਿੱਟ ਬਾਜ਼ਾਰ ਵਿੱਚ ਉਪਲੱਬਧ ਹੋਵੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਸਾਲ ਭਾਰਤ ਨੂੰ ਉਹਦੀ ਪਹਿਲੀ ਆਰਟੀ-ਪੀਸੀਆਰ ਟੈਸਟ ਕਿੱਟ ਦਿੱਤੀ ਸੀ, ਜਿਸ ਨੂੰ ਹੁਣ ਆਮ ਕਰਕੇ ਕੋਵਿਡ-19 ਟੈਸਟਾਂ ਲਈ ਵਰਤਿਆ ਜਾ ਰਿਹਾ ਹੈ। ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਹਸਮੁੱਖ ਰਾਵਲ ਨੇ ਕਿਹਾ ਕਿ ਮੌਜੂਦਾ ਸਮੇਂ ਮਾਈਲੈਬ ਡਿਸਕਵਰੀ ਸੌਲਿਊਸ਼ਨਜ਼ ਦੀ ਸਮਰੱਥਾ ਹਰ ਹਫ਼ਤੇ 70 ਲੱਖ ਟੈਸਟ ਕਿੱਟਾਂ ਤਿਆਰ ਕਰਨ ਦੀ ਹੈ, ਜਿਸ ਨੂੰ ਜੂਨ ਦੀ ਸ਼ੁਰੂਆਤ ਵਿੱਚ 1 ਕਰੋੜ ਕਰ ਦਿੱਤਾ ਜਾਵੇਗਾ। -ਆਈਏਐੱਨਐੱਸ
ਸਿਪਲਾ ਵੱਲੋਂ ਆਰਟੀ-ਪੀਸੀਆਰ ਟੈਸਟ ਕਿੱਟ ‘ਵਿਰਾਜੈੱਨ’ ਲਾਂਚ
ਨਵੀਂ ਦਿੱਲੀ: ਫਾਰਮਾਸਿਊਟੀਕਲ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ’ਚ ਸ਼ੁਮਾਰ ‘ਸਿਪਲਾ’ ਨੇ ਉਬਾਇਓ ਬਾਇਓਟੈਕਨਾਲੋਜੀ ਸਿਸਟਮਜ਼ ਦੀ ਭਾਈਵਾਲੀ ਨਾਲ ‘ਵਿਰਾਜੈੱਨ’ ਨਾਂ ਦੀ ਆਰਟੀ-ਪੀਸੀਆਰ ਟੈਸਟ ਕਿੱਟ ਬਾਜ਼ਾਰ ਵਿੱਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਸਿਪਲਾ ਨੇ ਇਕ ਬਿਆਨ ਵਿੱਚ ਕਿਹਾ ਕਿ ਨਵੀਂ ਟੈਸਟ ਕਿੱਟ ਲਾਂਚ ਕਰਨ ਪਿਛਲਾ ਮੁੱਖ ਮੰਤਵ ਮੌਜੂਦਾ ਟੈਸਟਿੰਗ ਸੇਵਾਵਾਂ ਤੇ ਸਮਰੱਥਾ ਨਾਲ ਜੁੜੇ ਮੁੱਦਿਆਂ ਨੂੰ ਮੁਖਾਤਬਿ ਹੋਣ ਵਿੱਚ ਮਦਦ ਮਿਲੇਗੀ। ਕੰਪਨੀ ਨੇ ਕਿਹਾ ਕਿ ਕੋਵਿਡ-19 ਵਾਇਰਸ ਦੀ ਪਛਾਣ ਲਈ ਤਿਆਰ ਕੀਤੀ ਕਿੱਟ ਦੀ ਸਪਲਾਈ 25 ਮਈ ਤੋਂ ਸ਼ੁਰੂ ਹੋ ਜਾਵੇਗੀ। ਕੋਵਿਡ-19 ਟੈਸਟਿੰਗ ਸੈਗਮੈਂਟ ਵਿੱਚ ਸਿਪਲਾ ਦੀ ਇਹ ਤੀਜੀ ਪੇਸ਼ਕਸ਼ ਹੈ। -ਪੀਟੀਆਈ