ਨਵੀਂ ਦਿੱਲੀ, 3 ਅਗਸਤ
ਕੇਂਦਰ ਸਰਕਾਰ ਮੁਤਾਬਕ ਭਾਰਤ ਨੇ ਕੋਵਿਡ- 19 ਦੀ ਜਾਂਚ ਲਈ ਹੁਣ ਤੱਕ 2 ਕਰੋੜ ਟੈਸਟ ਕੀਤੇ ਹਨ ਤੇ ਇਸ ਅੰਕੜੇ ਨੂੰ ਸਰਕਾਰ ਨੇ ਵੱਡੀ ਪ੍ਰਾਪਤੀ ਦੱਸਿਆ। ਇੰਡੀਅਨ ਕੌਂਸਿਲ ਆਫ਼ ਮੈਡੀਕਲ ਰਿਸਰਚ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ 2 ਅਗਸਤ ਤੱਕ ਕੋਵਿਡ- 19 ਲਈ ਕੁੱਲ 2,02,02,858 ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ 3,81,027 ਸੈਂਪਲਾਂ ਦੀ ਐਤਵਾਰ ਨੂੰ ਜਾਂਚ ਕੀਤੀ ਗਈ ਸੀ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪ੍ਰਤੀ ਇੱਕ ਮਿਲੀਅਨ ਪਿੱਛੇ ਟੈਸਟਾਂ (ਟੀਪੀਐੱਮ) ਦੀ ਗਿਣਤੀ ਵਧ ਕੇ 14,640 ਹੋ ਗਈ ਹੈ। ਜਿੱਥੇ ਦੇਸ਼ ਦੇ ਟੀਪੀਐੱਮ ਤੋਂ ਟੈਸਟਿੰਗ ਨੈੱਟਵਰਕ ’ਚ ਸੁਧਾਰ ਬਾਰੇ ਸੰਕੇਤ ਮਿਲਦਾ ਹੈ, ਉੱਥੇ 24 ਸੂਬਿਆਂ ਤੇ ਯੂਟੀਜ਼ ਦੀ ਟੀਪੀਐੱਮ ਦੀ ਗਿਣਤੀ ਕੌਮੀ ਔਸਤ ਨਾਲੋਂ ਵੱਧ ਹੈ। ਇਨ੍ਹਾਂ ’ਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਰਾਜਸਥਾਨ, ਜੰਮੂ ਤੇ ਕਸ਼ਮੀਰ, ਕਰਨਾਟਕ ਤੇ ਪੰਜਾਬ ਸ਼ਾਮਲ ਹਨ।
-ਪੀਟੀਆਈ