ਨਵੀਂ ਦਿੱਲੀ, 14 ਜਨਵਰੀ
ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਵਿੱਚ ਕਰੋਨਾਵਾਇਰਸ ਦੀ ਪਹਿਲੀ ਤੇ ਦੂਜੀ ਲਹਿਰ ਦੌਰਾਨ ਕੋਵਿਡ-19 ਕਰਕੇ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੂੰ ‘ਘਟਾ ਕੇ ਪੇਸ਼ ਕਰਨ’ ਦਾ ਦਾਅਵਾ ਕਰਦੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਬੇਬੁਨਿਆਦ ਤੇ ਗ਼ਲਤ ਜਾਣਕਾਰੀ ਦੇਣ ਵਾਲੀਆਂ ਹਨ। ਮੰਤਰਾਲੇ ਨੇ ਕਿਹਾ ਕਿ ਕੋਵਿਡ ਕਰਕੇ ਹੋਣ ਵਾਲੀਆਂ ਮੌਤਾਂ ਦੇ ਵਰਗੀਕਰਨ ਲਈ ਵਿਆਪਕ ਪਰਿਭਾਸ਼ਾ ਹੈ, ਜੋ ਆਲਮੀ ਪੱਧਰ ’ਤੇ ਸਵੀਕਾਰਯੋਗ ਵਰਗੀਕਰਨ ’ਤੇ ਆਧਾਰਿਤ ਹੈ। ਕਾਬਿਲੇਗੌਰ ਹੈ ਕਿ ਮੀਡੀਆ ਦੇ ਇਕ ਹਿੱਸੇ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ ਭਾਰਤ ਵਿੱਚ ਕਰੋਨਾਵਾਇਰਸ ਦੀ ਪਹਿਲੀ ਤੇ ਦੂਜੀ ਲਹਿਰ ਦੌਰਾਨ ਹੋਈਆਂ ਮੌਤਾਂ ਦੇ ਅੰਕੜੇ ਨੂੰ ਕਥਿਤ ‘ਘਟਾ ਕੇ ਪੇਸ਼’ ਕੀਤਾ ਗਿਆ ਹੈ ਜਦੋਂਕਿ ਅਸਲ ਮੌਤਾਂ ਦਾ ਅੰਕੜਾ 30 ਲੱਖ ਨੂੰ ਵੀ ਟੱਪ ਗਿਆ ਸੀ। ਮੰਤਰਾਲੇ ਨੇ ਬਿਆਨ ਵਿੱਚ ਕਿਹਾ, ‘‘ਸਾਫ਼ ਕੀਤਾ ਜਾਂਦਾ ਹੈ ਕਿ ਅਜਿਹੀਆਂ ਰਿਪੋਰਟਾਂ ਬੇਬੁਨਿਆਦ ਤੇ ਇਨ੍ਹਾਂ ਵਿਚਲੀ ਜਾਣਕਾਰੀ ਗ਼ਲਤ ਹੈ। ਇਹ ਤੱਥਾਂ ’ਤੇ ਆਧਾਰਿਤ ਨਹੀਂ। ਭਾਰਤ ਕੋਲ ਜਨਮ ਤੇ ਮੌਤ ਦੇ ਅੰਕੜੇ ਇਕੱਤਰ ਕਰਨ ਲਈ ਬਹੁਤ ਮਜ਼ਬੂਤ ਪ੍ਰਬੰਧ ਹੈ, ਜੋ ਕਾਨੂੰਨ ’ਤੇ ਆਧਾਰਿਤ ਹੈ। ਗ੍ਰਾਮ ਪੰਚਾਇਤ ਤੋਂ ਜ਼ਿਲ੍ਹਾ ਪੱਧਰ ਤੇ ਸੂਬਾ ਪੱਧਰ ’ਤੇ ਇਹ ਮਸ਼ਕ ਨਿਯਮਤ ਤੌਰ ’ਤੇ ਅਮਲ ਵਿੱਚ ਲਿਆਈ ਜਾਂਦੀ ਹੈ।’’ ਮੰਤਰਾਲੇ ਨੇ ਕਿਹਾ ਕਿ ਇਹ ਪੂਰੀ ਮਸ਼ਕ ਭਾਰਤ ਦੇ ਰਜਿਸਟਰਾਰ ਜਨਰਲ (ਆਰਜੀਆਈ) ਦੀ ਨਿਗਰਾਨ ਹੇਠ ਚਲਦੀ ਹੈ। -ਪੀਟੀਆਈ