ਨਵੀਂ ਦਿੱਲੀ, 11 ਮਈ
ਕੁਝ ਚਕਿਤਸਕਾਂ ਤੇ ਵਿਗਿਆਨੀਆਂ ਨੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ.ਵਿਜੈ ਰਾਘਵਨ ਨੂੰ ਪੱਤਰ ਲਿਖ ਕੇ ਕਰੋਨਾ ਦੀ ਲਾਗ ਤੋਂ ਉਭਰਨ ਵਾਲੇ ਵਿਅਕਤੀ ਦੇ ਪਲਾਜ਼ਮਾ ਦੀ ਕੋਵਿਡ-19 ਲਈ ਹੋ ਰਹੀ ‘ਗੈਰਵਾਜਬ ਤੇ ਗੈਰ-ਵਿਗਿਆਨਕ ਵਰਤੋਂ’ ਬਾਰੇ ਚੌਕਸ ਕੀਤਾ ਹੈ। ਸਿਹਤ ਸੰਭਾਲ ਨਾਲ ਜੁੜੇ ਮਾਹਿਰਾਂ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਬਾਰੇ ਮੌਜੂਦਾ ਸਬੂਤ ਤੇ ਭਾਰਤੀ ਮੈਡੀਕਲ ਖੋਜ ਕੌਂਸਲ ਦੀਆਂ ਸੇਧਾਂ ਵਰਤਮਾਨ ਸਬੂਤ ’ਤੇ ਆਧਾਰਿਤ ਨਹੀਂ ਹਨ। ਪ੍ਰਮੁੱਖ ਵਿਗਿਆਨਕ ਸਲਾਹਕਾਰ ਨੂੰ ਲਿਖੇ ਪੱਤਰ ’ਤੇ ਟੀਕਾਸ਼ਾਸਤਰੀ ਗਗਨਦੀਪ ਕੰਗ ਤੇ ਸਰਜਨ ਪਰਮੇਸ਼ ਸੀ.ਐੱਸ ਨੇ ਵੀ ਸਹੀ ਪਾਈ ਹੈ। ਪੱਤਰ ਵਿੱਚ ਇਸ ਤੱਥ ਨੂੰ ਖਾਸ ਤੌਰ ’ਤੇ ਉਭਾਰਿਆ ਗਿਆ ਹੈ ਕਿ ਪਲਾਜ਼ਮਾ ਥੈਰੇਪੀ ਦੀ ਗੈਰਵਾਜਬ ਵਰਤੋਂ ਨਾਲ ਵਧੇਰੇ ਘਾਤਕ ਤੇ ਜ਼ਹਿਰੀਲੇ ਸਟਰੇਨ (ਵਾਇਰਸ ਦੀਆਂ ਕਿਸਮਾਂ) ਵਿਕਸਤ ਹੋਣ ਦੀਆਂ ਸੰਭਾਵਨਾਵਾਂ ਹਨ ਤੇ ਇਹ ਮਹਾਮਾਰੀ ਨੂੰ ਹਵਾ ਦੇਣ ਵਾਲਾ ਕੰਮ ਹੋਵੇਗਾ।
ਪੱਤਰ ਜਿਸ ਦੀ ਇਕ ਕਾਪੀ ਭਾਰਤੀ ਮੈਡੀਕਲ ਕੌਂਸਲ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਤੇ ਏਮਸ ਡਾਇਰੈਕਟਰ ਰਣਦੀਪ ਗੁਲੇਰੀਆ ਨੂੰ ਵੀ ਮਾਰਕ ਕੀਤੀ ਗਈ ਹੈ, ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਏਜੰਸੀਆਂ ਵੱਲੋਂ ਜਾਰੀ ਹਦਾਇਤਾਂ ਤੋਂ ਉਲਟ ਪਲਾਜ਼ਮਾਂ ਦੀ ਗੈਰਵਾਜਬ ਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ‘ਬਾਲਗ ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਲਈ ਕਲੀਨਿਕਲ ਸੇਧਾਂ’ ਨੂੰ ਨਵੇਂ ਸਿਰੇ ਤੋਂ ਜਾਰੀ ਕੀਤਾ ਸੀ, ਜਿਸ ਵਿੱਚ ਇਹ ਸਪਸ਼ਟ ਕੀਤਾ ਗਿਆ ਸੀ ਕਿ ਕਰੋਨਾ ਦੀ ਲਾਗ ਤੋਂ ਉਭਰਨ ਵਾਲੇ ਵਿਅਕਤੀ ਦਾ ਪਲਾਜ਼ਮਾ ਸਿਰਫ਼ ਸਬੰਧਤ ਵਿਅਕਤੀ ਨੂੰ ਲੱਛਣ ਆਉਣ ਦੇ ਸੱਤ ਦਿਨਾਂ ਅੰਦਰ ਹੀ ਦਿੱਤਾ ਜਾ ਸਕਦਾ ਹੈ। -ਪੀਟੀਆਈ