ਮੁੰਬਈ, 25 ਦਸੰਬਰ
ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਅਤੇ ਓਮੀਕਰੋਨ ਸਰੂਪ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਬ੍ਰਿਹਨਮੁੰਬਈ ਨਗਰ ਨਿਗਮ ਨੇ ਸ਼ਹਿਰ ਵਿਚ ਕਿਸੇ ਵੀ ਬੰਦ ਜਾਂ ਖੁੱਲ੍ਹੇ ਸਥਾਨ ’ਤੇ ਨਵੇਂ ਸਾਲ ਸਬੰਧੀ ਸਮਾਰੋਹ ਕਰਨ, ਕਰਵਾਉਣ ਅਤੇ ਲੋਕਾਂ ਦੇ ਇਕੱਤਰ ਹੋਣ ’ਤੇ ਰੋਕ ਲਗਾ ਦਿੱਤੀ ਹੈ। ਮੁੰਬਈ ਨਗਰ ਕਮਿਸ਼ਨਰ ਇਕਬਾਲ ਸਿੰਘ ਚਹਿਲ ਨੇ ਸ਼ੁੱਕਰਵਾਰ ਦੇਰ ਸ਼ਾਮ ਇਸ ਸਬੰਧੀ ਹੁਕਮ ਜਾਰੀ ਕੀਤੇ। ਹੁਕਮਾਂ ਵਿਚ ਕਿਹਾ ਗਿਆ ਹੈ, ‘‘ਨਵੇਂ ਸਾਲ ਮੌਕੇ ਬੀਐੱਮਸੀ ਦੇ ਅਧਿਕਾਰ ਖੇਤਰ ਵਿਚ ਕਿਸੇ ਵੀ ਖੁੱਲ੍ਹੇ ਜਾਂ ਬੰਦ ਖੇਤਰ ’ਤੇ ਲੋਕਾਂ ਦੇ ਇਕੱਤਰ ਹੋਣ ਜਾਂ ਸਮਾਰੋਹ ਕਰਨ, ਕਰਵਾਉਣ ’ਤੇ ਰੋਕ ਹੋਵੇਗੀ।’’ ਇਹ ਹੁਕਮ 25 ਦਸੰਬਰ ਦੀ ਅੱਧੀ ਰਾਤ ਤੋਂ ਪ੍ਰਭਾਵੀ ਹੋ ਕੇ ਅਗਲਾ ਆਦੇਸ਼ ਆਉਣ ਤੱਕ ਲਾਗੂ ਰਹੇਗਾ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਹੁਕਮ ਸਾਰੇ ਹੋਟਲਾਂ, ਬਾਰ, ਰੈਸਟੋਰੈਂਟਾਂ ਅਤੇ ਨਿੱਜੀ ਮਾਲਕਾਣਾ ਹੱਕ ਵਾਲੀਆਂ ਅਜਿਹੀਆਂ ਥਾਵਾਂ ’ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਦਾ ਇਸਤੇਮਾਲ ਇਸ ਤਰ੍ਹਾਂ ਦੇ ਸਮਾਰੋਹਾਂ ਲਈ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਸਰਕਾਰ ਨੇ ਵੀ ਰਾਤ 9 ਵਜੇ ਤੋਂ ਸਵੇਰੇ 6 ਤੱਕ ਜਨਤਕ ਥਾਵਾਂ ’ਤੇ ਪੰਜ ਨਾਲੋਂ ਵੱਧ ਲੋਕਾਂ ਦੇ ਜਮ੍ਹਾਂ ਹੋਣ ’ਤੇ ਸ਼ੁੱਕਰਵਾਰ ਨੂੰ ਰੋਕ ਲਗਾ ਦਿੱਤੀ ਹੈ। ਇਸੇ ਦੌਰਾਨ ਅੱਜ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਵਿੱਚ ਹੁਣ ਤਾਲਾਬੰਦੀ ਤਾਂ ਹੀ ਕੀਤੀ ਜਾਵੇਗੀ, ਜੇਕਰ ਮੈਡੀਕਲ ਆਕਸੀਜਨ ਦੀ ਮੰਗ ਪ੍ਰਤੀ ਦਿਨ 800 ਮੀਟ੍ਰਿਕ ਟਨ ਤੋਂ ਵੱਧ ਹੋਵੇਗੀ। ਮੰਤਰੀ ਵੱਲੋਂ ਮਹਾਰਾਸ਼ਟਰ ਵਿੱਚ ਮੈਡੀਕਲ ਆਕਸੀਜਨ ਦੀ ਮੌਜੂਦਾ ਖਪਤ ਦੇ ਅੰਕੜੇ ਨਹੀਂ ਦਿੱਤੇ ਗਏ। ਸ੍ਰੀ ਟੋਪੇ ਨੇ ਕਿਹਾ, ‘‘ਅਸੀਂ ਨਹੀਂ ਚਾਹੁੰਦੇ ਕਿ ਲੋਕ ਹੋਰ ਪਾਬੰਦੀਆਂ ਦਾ ਸਾਹਮਣਾ ਕਰਨ, ਇਸ ਕਰਕੇ, ਮੈਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣ ਦੀ ਅਪੀਲ ਕਰਦਾਂ ਹਾਂ। ਮਾਸਕ ਪਹਿਨਣਾ ਬੇਹੱਦਾ ਜ਼ਰੂਰੀ ਹੈ।’’ -ਪੀਟੀਆਈ