ਨਵੀਂ ਦਿੱਲੀ, 16 ਜੂਨ
ਮਹਾਰਾਸ਼ਟਰ, ਗੁਜਰਾਤ, ਊੱਤਰ ਪ੍ਰਦੇਸ਼, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਜਿਹੇ ਸੂਬਿਆਂ ਨੇ ਕੋਵਿਡ-19 ਦੇ ਮਰੀਜ਼ਾਂ ਨੂੰ ਸਸਤਾ ਇਲਾਜ ਮੁਹੱਈਆ ਕਰਾਊਣ ਦੀਆਂ ਕੋਸ਼ਿਸ਼ਾਂ ਤਹਿਤ ਨਿੱਜੀ ਸੈਕਟਰ ਨਾਲ ਸਮਝੌਤਾ ਕੀਤਾ ਹੈ। ਸਿਹਤ ਸਬੰਧੀ ਸਹੂਲਤਾਂ ਦੀ ਕਮੀ ਹੋਣ ਦੀ ਸੰਭਾਵਨਾ ਦੀਆਂ ਰਿਪੋਰਟਾਂ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਵਲੋਂ ਸੋਮਵਾਰ ਨੂੰ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਤੁਰੰਤ ਨਿੱਜੀ ਸੈਕਟਰ ਨੂੰ ਇਲਾਜ ਵਿੱਚ ਸ਼ਾਮਲ ਕਰਨ ਦੇ ਨਿਰਦੇਸ਼ ਦਿੰਦਿਆਂ ਪਾਰਦਰਸ਼ੀ ਢੰਗ ਨਾਲ ਇਲਾਜ ਦਾ ਖ਼ਰਚਾ ਯਕੀਨੀ ਬਣਾਊਣ ਲਈ ਆਖਿਆ ਸੀ।
ਸਿਹਤ ਮੰਤਰਾਲੇ ਅਨੁਸਾਰ, ‘‘ਤਾਮਿਲਨਾਡੂ, ਊੜੀਸ਼ਾ, ਮਹਾਰਾਸ਼ਟਰ, ਗੁਜਰਾਤ, ਊੱਤਰ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਕਰਨਾਟਕ ਅਤੇ ਮੱਧ ਪ੍ਰਦੇਸ਼ ਜਿਹੇ ਸੂਬਿਆਂ ਨੇ ਨਿੱਜੀ ਸੈਕਟਰ ਨਾਲ ਕੋਵਿਡ-19 ਸਬੰਧੀ ਮਰੀਜ਼ਾਂ ਨੂੰ ਦਾਖ਼ਲ ਕਰਕੇ ਸਸਤੇ ਭਾਅ ’ਤੇ ਸਿਹਤ ਸਹੂਲਤਾਂ ਮੁਹੱਈਆ ਕਰਾਊਣ ਸਬੰਧੀ ਸਮਝੌਤਾ ਕਰ ਲਿਆ ਹੈ।’’ ਸੂਬਿਆਂ ਨੂੰ ਨਿੱਜੀ ਅਤੇ ਸਰਕਾਰੀ ਖੇਤਰ ਨੂੰ ਰਲ ਕੇ ਸਿਹਤ ਸਬੰਧੀ ਸਹੂਲਤਾਂ ਦੇਣ ਲਈ ਆਖਿਆ ਗਿਆ ਹੈ ਤਾਂ ਜੋ ਮਰੀਜ਼ਾਂ ਨੂੰ ਜਲਦੀ, ਮਿਆਰੀ ਅਤੇ ਸਸਤੇ ਭਾਅ ’ਤੇ ਸਿਹਤ ਸਹੂਲਤਾਂ ਮਿਲ ਸਕਣ।
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਵਿਡ-19 ਸਬੰਧੀ ਟੈਸਟਾਂ ਦੀ ਸਮਰੱਥਾ ਵਿਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਹੁਣ ਰੋਜ਼ਾਨਾ ਤਿੰਨ ਲੱਖ ਨਮੂਨੇ ਟੈਸਟ ਕਰਨ ਦੀ ਸਮਰੱਥਾ ਹੋ ਗਈ ਹੈ। ਦੇਸ਼ ਭਰ ਵਿੱਚ 907 ਲੈਬਾਰਟਰੀਆਂ, ਜਿਨ੍ਹਾਂ ਵਿੱਚ 659 ਸਰਕਾਰੀ ਖੇਤਰ ਦੀਆਂ ਅਤੇ 248 ਨਿੱਜੀ ਖੇਤਰ ਦੀਆਂ ਸ਼ਾਮਲ ਹਨ, ਵਲੋਂ ਟੈਸਟ ਕੀਤਾ ਜਾ ਰਹੇ ਹਨ। ਮੰਤਰਾਲੇ ਨੇ ਦੁਹਰਾਇਆ ਕਿ ਕੋਵਿਡ-19 ਦੀ ਜਾਂਚ ਵਾਸਤੇ ਆਰਟੀ-ਪੀਸੀਆਰ ਮੂਹਰਲੀ ਕਤਾਰ ਦਾ ਟੈਸਟ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 59,21,069 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 1,54,935 ਨਮੂਨਿਆਂ ਦੀ ਜਾਂਚ ਕੀਤੀ ਗਈ।
ਟੈਸਟ ਸਮਰੱਥਾ ਹੋਰ ਵਧਾਊਣ ਲਈ ਬੀਤੇ ਦਿਨ ਆਈਸੀਐੱਮਆਰ ਨੇ ਸਲਾਹ ਜਾਰੀ ਕਰਕੇ ਰੈਪਿਡ ਐਂਟੀਜਨ ਡਿਟੈਕਸ਼ਨ ਟੈਸਟ ਦੀ ਵੀ ਸਿਫਾਰਿਸ਼ ਕੀਤੀ ਸੀ। ਇਸ ਟੈਸਟ ਨੂੰ ਮੈਡੀਕਲ ਨਿਗਰਾਨੀ ਹੇਠ ਕੰਟੇਨਮੈਂਟ ਜ਼ੋਨਾਂ ਅਤੇ ਹਸਪਤਾਲਾਂ ਵਿੱਚ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ