ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਜਾਰੀ ਨਵੀਆਂ ਹਦਾਇਤਾਂ ਵਿਚ ਕਿਹਾ ਹੈ ਕਿ 15-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ‘ਕੋਵੈਕਸੀਨ’ ਹੀ ਇਕੋ-ਇਕ ਬਦਲ ਮੌਜੂਦ ਹੈ। ਇਹ ਟੀਕਾਕਰਨ ਤਿੰਨ ਜਨਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਬੱਚੇ ਕੋਵਿਨ ਐਪ ਉਤੇ ਪਹਿਲੀ ਜਨਵਰੀ ਤੋਂ ਰਜਿਸਟਰੇਸ਼ਨ ਕਰਵਾ ਸਕਣਗੇ। ਇਸ ਲਈ ਆਧਾਰ ਕਾਰਡ ਤੇ ਸਕੂਲ ਆਈਡੀ ਵਰਤੀ ਜਾ ਸਕੇਗੀ। ਸਿਹਤ ਕਰਮੀਆਂ, ਫਰੰਟਲਾਈਨ ਵਰਕਰਾਂ ਤੇ 60 ਸਾਲ ਤੋਂ ਉਪਰ ਦੇ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ‘ਪ੍ਰੀਕੌਸ਼ਨ ਡੋਜ਼’ (ਤੀਜੀ ਖੁਰਾਕ) ਦੂਜੀ ਡੋਜ਼ ਦੇ ਨੌਂ ਮਹੀਨੇ ਪੂਰੇ ਹੋਣ ’ਤੇ ਲਾਏ ਜਾਣ ਦੀ ਯੋਜਨਾ ਹੈ। ਹਦਾਇਤਾਂ ਮੁਤਾਬਕ ਇਹ 39 ਹਫ਼ਤੇ ਬਣਦੇ ਹਨ ਤੇ ਦਸ ਜਨਵਰੀ ਨੂੰ ਇਸ ਦੀ ਸ਼ੁਰੂਆਤ ਹੋਵੇਗੀ। ਤੀਜੀ ਡੋਜ਼ ਲਈ ਰਜਿਸਟਰੇਸ਼ਨ ਵੀ ਕੋ-ਵਿਨ ਪੋਰਟਲ ਰਾਹੀਂ ਹੋਵੇਗੀ। ਪਹਿਲਾਂ ਬਣਿਆ ਹੋਇਆ ਅਕਾਊਂਟ ਦੂਜੀ ਡੋਜ਼ ਤੋਂ ਬਾਅਦ ਸਮਾਂ ਗਿਣ ਕੇ ਤੀਜੀ ਖ਼ੁਰਾਕ ਲਈ ਰਜਿਸਟਰ ਕਰੇਗਾ। ਜਦ ਵੀ ਇਸ ਦਾ ਸਮਾਂ ਆਏਗਾ ਐੱਸਐਮਐੱਸ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ। ਪੰਦਰਾਂ ਸਾਲ ਜਾਂ ਉਸ ਤੋਂ ਵੱਧ ਦੇ ਬੱਚਿਆਂ ਦੀ ਰਜਿਸਟਰੇਸ਼ਨ ਕੋ-ਵਿਨ ਉਤੇ ਕੀਤੀ ਜਾ ਸਕੇਗੀ। ਜਿਨ੍ਹਾਂ ਦਾ ਜਨਮ ਸੰਨ 2007 ਜਾਂ ਉਸ ਤੋਂ ਪਹਿਲਾਂ ਦਾ ਹੈ, ਉਹ ਯੋਗ ਹੋਣਗੇ। ਟੀਕਾਕਰਨ ਕੇਂਦਰ ਉਤੇ ਜਾ ਕੇ ਵੀ ਰਜਿਸਟਰੇਸ਼ਨ ਕਰਵਾਈ ਜਾ ਸਕੇਗੀ। ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਕੋਵੈਕਸੀਨ ਨੂੰ ਹੀ ਐਮਰਜੈਂਸੀ ਵਿਚ ਵਰਤੋਂ ਲਈ ਮਨਜ਼ੂਰੀ ਮਿਲੀ ਹੈ। -ਪੀਟੀਆਈ