ਨਵੀਂ ਦਿੱਲੀ (ਆਦਿਤੀ ਟੰਡਨ): ਅਮਰੀਕਾ ਵਿਚ ਦਵਾਈਆਂ ਨੂੰ ਮਨਜ਼ੂਰੀ ਦੇਣ ਵਾਲੀ ਅਥਾਰਿਟੀ ‘ਯੂਐੱਸਐਫਡੀਏ’ ਨੇ ‘ਭਾਰਤ ਬਾਇਓਟੈੱਕ’ ਦੇ ‘ਕੋਵੈਕਸੀਨ’ ਨੂੰ ਉੱਥੇ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ ਹੈ ਤੇ ਕੰਪਨੀ ਨੂੰ ਵੱਖਰੀ ਪ੍ਰਕਿਰਿਆ ਰਾਹੀਂ ਪੂਰੀ ਮਨਜ਼ੂਰੀ ਲੈਣ ਲਈ ਕਿਹਾ ਹੈ। ਇਸ ਤੋਂ ਬਾਅਦ ਹੁਣ ਹੈਦਰਾਬਾਦ ਦੀ ਕੰਪਨੀ ਨੇ ਕਿਹਾ ਹੈ ਕਿ ਇਹ ਅਮਰੀਕੀ ਅਥਾਰਿਟੀ ਦੀ ਸਲਾਹ ’ਤੇ ਅੱਗੇ ਵੱਧ ਰਹੀ ਹੈ ਤੇ ਜਦੋਂ ‘ਕੋਵੈਕਸੀਨ’ ਨੂੰ ਪੂਰੀ ਮਨਜ਼ੂਰੀ ਮਿਲ ਗਈ ਤਾਂ ਇਹ ਪ੍ਰਵਾਨਗੀ ਕਿਸੇ ਵੀ ਭਾਰਤੀ ਵੈਕਸੀਨ ਲਈ ਪਹਿਲੀ ਹੋਵੇਗੀ। ਭਾਰਤ ਬਾਇਓਟੈੱਕ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਅਮਰੀਕਾ ਵਿਚ ਵੱਡੀ ਅਬਾਦੀ ਦੇ ਵੈਕਸੀਨ ਲੱਗ ਚੁੱਕਾ ਹੈ ਤੇ ਮਨੁੱਖੀ ਸਰੀਰ ਦੀ ਲਾਗ਼ ਨਾਲ ਲੜਨ ਦੀ ਸਮਰੱਥਾ ਉੱਥੇ ਹੁਣ ਵੱਧ ਗਈ ਹੈ। ਇਸ ਤੋਂ ਇਲਾਵਾ ਮਹਾਮਾਰੀ ਦਾ ਅਸਰ ਵੀ ਘੱਟ ਰਿਹਾ ਹੈ। ਇਸ ਸਭ ਦੇ ਮੱਦੇਨਜ਼ਰ ‘ਯੂਐੱਸਐਫਡੀਏ’ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਿਸੇ ਵੀ ਨਵੇਂ ਕੋਵਿਡ-19 ਵੈਕਸੀਨ ਨੂੰ ਹੁਣ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਭਾਰਤ ਬਾਇਓਟੈੱਕ ਨੇ ਕਿਹਾ ਕਿ ਉਨ੍ਹਾਂ ਦੀ ਭਾਈਵਾਲ ਕੰਪਨੀ ‘ਔਕਿਊਜੈੱਨ’ ਨੂੰ ਐਫਡੀਏ ਦੀਆਂ ਸਿਫਾਰਿਸ਼ਾਂ ਮਿਲ ਗਈਆਂ ਹਨ ਜੋ ਕਿ ‘ਕੋਵੈਕਸੀਨ’ ਲਈ ਪੂਰੀ ਮਨਜ਼ੂਰੀ ਲੈਣ ਲਈ ‘ਬਾਇਓਲੌਜਿਕਸ ਲਾਇਸੈਂਸ ਐਪਲੀਕੇਸ਼ਨਸ’ ਵਾਲੇ ਰਾਹ ਉਤੇ ਅੱਗੇ ਵਧੇਗੀ। ਸਾਰੀਆਂ ਅਰਜ਼ੀਆਂ ਨੂੰ ‘ਬੀਐਲਏ’ ਦਾ ਰਾਹ ਹੀ ਲੈਣਾ ਪੈਂਦਾ ਹੈ। ਹਾਲੇ ਤੱਕ ਕੋਵੈਕਸੀਨ ਨੂੰ 14 ਮੁਲਕਾਂ ਵਿਚ ਇਸ ਤਰ੍ਹਾਂ ਦੀ ਇਜਾਜ਼ਤ ਮਿਲੀ ਹੈ ਤੇ ਕਰੀਬ 50 ਮੁਲਕਾਂ ਵਿਚ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕੋਵੈਕਸੀਨ ਨੇ ਹਾਲੇ ਡਬਲਿਊਐਚਓ ਦੀ ਉਸ ਸੂਚੀ ਵਿਚ ਵੀ ਥਾਂ ਬਣਾਉਣੀ ਹੈ ਜਿਸ ਵਿਚ ਹੰਗਾਮੀ ਸਥਿਤੀ ’ਚ ਵਰਤੇ ਜਾਣ ਵਾਲੇ ਟੀਕਿਆਂ ਦੇ ਨਾਂ ਸ਼ਾਮਲ ਹਨ। ਇਸ ਲਈ ਵਾਧੂ ਡੇਟਾ ਵਿਸ਼ਵ ਸਿਹਤ ਸੰਗਠਨ ਨੂੰ ਦਿੱਤਾ ਜਾ ਚੁੱਕਾ ਹੈ।
ਫਾਈਜ਼ਰ, ਮੌਡਰਨਾ ਦੀ ਦੂਜੀ ਡੋਜ਼ ਲੈਣ ਵਾਲਿਆਂ ਵਿਚ ਦਿਲ ’ਚ ਸੋਜ਼ਿਸ਼ ਦੇ ਮਾਮਲੇ
ਵਾਸ਼ਿੰਗਟਨ: ਅਮਰੀਕਾ ’ਚ ਫਾਈਜ਼ਰ ਤੇ ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਲੈਣ ਵਾਲੇ ਵੱਡੇ ਲੜਕਿਆਂ ਤੇ ਨੌਜਵਾਨ ਬਾਲਗਾਂ ਵਿਚ ਦਿਲ ’ਚ ਸੋਜ਼ਿਸ਼ ਆਉਣ ਦੇ ਕੇਸ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਵੱਲੋਂ ਹੁਣ ਇਨ੍ਹਾਂ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਿਮਾਰੀਆਂ ’ਤੇ ਕਾਬੂ ਤੇ ਬਚਾਅ ਬਾਰੇ ਕੇਂਦਰ (ਸੀਡੀਸੀ) ਮੁਤਾਬਕ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਦਿਲ ’ਚ ਸੋਜ਼ ਟੀਕਾ ਲਵਾਉਣ ਕਾਰਨ ਆਈ ਹੈ ਤੇ ਰਿਪੋਰਟਾਂ ਹਾਲੇ ਕਾਫ਼ੀ ਘੱਟ ਹਨ। ਸੀਡੀਸੀ ਨੇ 12 ਸਾਲ ਤੋਂ ਉਪਰ ਦੇ ਸਾਰਿਆਂ ਨੂੰ ਟੀਕਾ ਲਵਾਉਣ ਦੀ ਬੇਨਤੀ ਕੀਤੀ ਹੈ। 31 ਮਈ ਤੱਕ ਏਜੰਸੀ ਨੂੰ 16 ਤੋਂ 24 ਸਾਲ ਦੇ ਵਿਅਕਤੀਆਂ ਵਿਚ ਅਜਿਹੇ 275 ਕੇਸ ਮਿਲੇ ਸਨ। ਸੀਡੀਸੀ ਦੇ ਡਾ. ਟੌਮ ਸ਼ਿਮਾਬੁਕੁਰੋ ਨੇ ਦੱਸਿਆ ਕਿ ਹੁਣ ਤੱਕ ਇਕ ਕਰੋੜ 20 ਲੱਖ ਦੂਜੀ ਡੋਜ਼ ਲਾਈ ਜਾ ਚੁੱਕੀ ਹੈ ਤੇ ਉਸ ਵਿਚੋਂ ਇਹ 275 ਮਾਮਲੇ ਮਿਲੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕੇਸ ਪੁਰਸ਼ਾਂ ਵਿਚ ਤੇ ਹਲਕੀ ਉਮਰ ਦੇ ਪੁਰਸ਼ਾਂ ਵਿਚ ਮਿਲੇ ਹਨ। ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਦਿਲ ਵਿਚ ਇਸ ਤਰ੍ਹਾਂ ਦੀ ਸੋਜ਼ ਕਈ ਤਰ੍ਹਾਂ ਦੀ ਇਨਫੈਕਸ਼ਨ ਕਾਰਨ ਹੋ ਸਕਦੀ ਹੈ। ਇਹ ਕਈ ਤਰ੍ਹਾਂ ਦੀਆਂ ਦਵਾਈਆਂ ਨਾਲ ਵੀ ਹੋ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੇ ਸੰਭਾਵੀ ਖ਼ਤਰੇ ਬਾਰੇ ਵਿਚਾਰ ਕਰਨ ਲਈ ਸੀਡੀਸੀ ਕਮੇਟੀ 18 ਜੂਨ ਨੂੰ ਬੈਠਕ ਕਰੇਗੀ। -ਏਪੀ
ਫ਼ੈਸਲੇ ਦਾ ਭਾਰਤ ਦੇ ਟੀਕਾਕਰਨ ਪ੍ਰੋਗਰਾਮ ’ਤੇ ਨਹੀਂ ਪਏਗਾ ਕੋਈ ਅਸਰ
ਨਵੀਂ ਦਿੱਲੀ: ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ.ਕੇ.ਪੌਲ ਨੇ ਕਿਹਾ, ‘‘ਹਰੇਕ ਮੁਲਕ ਦਾ ਆਪਣਾ ਰੈਗੂਲੇਟਰੀ ਪ੍ਰਬੰਧ ਹੁੰਦਾ ਹੈ ਤੇ ਅਸੀਂ ਆਸ ਕਰਦੇ ਹਾਂ ਵੈਕਸੀਨ ਨਿਰਮਾਤਾ ਕੰਪਨੀ ਅਮਰੀਕੀ ਰੈਗੂਲੇਟਰ ਵੱਲੋਂ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੇ ਸਮਰੱਥ ਹੋਵੇਗੀ। ਉਂਜ ਇਕ ਗੱਲ ਸਾਫ਼ ਹੈ ਕਿ ਇਸ (ਫੈਸਲੇ) ਨਾਲ ਸਾਡਾ ਟੀਕਾਕਰਨ ਪ੍ਰੋਗਰਾਮ ਅਸਰਅੰਦਾਜ਼ ਨਹੀਂ ਹੋਵੇਗਾ।’ ਪੌਲ ਨੇ ਕਿਹਾ ਕਿ ਭਾਰਤ ਦਾ ਰੈਗੂਲੇਟਰੀ ਪ੍ਰਬੰਧ ਵੀ ਇਸੇ ਤਰੀਕੇ ਨਾਲ ਫੈਸਲੇ ਲੈਂਦਾ ਹੈ।’’ ਉਨ੍ਹਾਂ ਕਿਹਾ ਕਿ ਕੋਵੈਕਸੀਨ ਦੇ ਤੀਜੇ ਗੇੜ ਦੇ ਨਤੀਜਿਆਂ ਨੂੰ ਅਗਲੇ 7 ਤੋਂ 8 ਦਿਨਾਂ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਡੇਟਾ ਭਾਰਤੀ ਡਰੱਗ ਰੈਗੂਲੇਟਰ ਨਾਲ ਸਾਂਝੇ ਕੀਤੇ ਡੇਟਾ ਨਾਲੋਂ ਵੱਖਰਾ ਹੈ। -ਪੀਟੀਆਈ
ਕਰੋਨਾਵਾਇਰਸ: ਭਾਰਤ ਵਿਚ 91,702 ਨਵੇਂ ਕੇਸ, 3403 ਮੌਤਾਂ
ਨਵੀਂ ਦਿੱਲੀ: ਭਾਰਤ ਵਿਚ ਅੱਜ ਲਗਾਤਾਰ ਚੌਥੇ ਦਿਨ ਕਰੋਨਾਵਾਇਰਸ ਦੇ ਇਕ ਦਿਨ ਵਿੱਚ ਸਾਹਮਣੇ ਆਉਣ ਵਾਲੇ ਕੇਸਾਂ ਦੀ ਗਿਣਤੀ ਇਕ ਲੱਖ ਤੋਂ ਘੱਟ ਰਹੀ। ਅੱਜ ਦੇਸ਼ ਵਿਚ ਕਰੋਨਾ ਦੇ 91,702 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਦੇਸ਼ ਭਰ ਵਿਚ ਹੁਣ ਤੱਕ ਸਾਹਮਣੇ ਆਉਣ ਵਾਲੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 2,92,74,823 ਹੋ ਗਈ। ਇਸ ਦੌਰਾਨ ਲਾਗ ਦੀ ਰੋਜ਼ਾਨਾ ਪਾਜ਼ੇਟਿਵਿਟੀ ਦਰ ਘੱਟ ਕੇ 4.49 ਫ਼ੀਸਦ ਰਹਿ ਗਈ। ਇਹ ਜਾਣਕਾਰੀ ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ ਹੋਈਆਂ 3403 ਮੌਤਾਂ ਨਾਲ ਹੁਣ ਤੱਕ ਦੇਸ਼ ਭਰ ਵਿਚ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ ਵਧ ਕੇ 3,63,079 ਹੋ ਗਈ। ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 11,21,671 ਰਹਿ ਗਈ ਹੈ। -ਪੀਟੀਆਈ