ਨਵੀਂ ਦਿੱਲੀ, 15 ਜੁਲਾਈ
ਸੁਪਰੀਮ ਕੋਰਟ ਦੇ ਜੱਜ ਜਸਟਿਸ ਯੂ ਯੂ ਲਲਿਤ ਨੇ ਕਿਹਾ ਹੈ ਕਿ ਜੇਕਰ ਬੱਚੇ ਸਵੇਰੇ ਸੱਤ ਵਜੇ ਸਕੂਲ ਜਾ ਸਕਦੇ ਹਨ ਤਾਂ ਫਿਰ ਜੱਜ ਅਤੇ ਵਕੀਲ ਸਵੇਰੇ 9 ਵਜੇ ਤੋਂ ਆਪਣਾ ਕੰਮ ਕਿਉਂ ਨਹੀਂ ਸ਼ੁਰੂ ਕਰ ਸਕਦੇ ਹਨ। ਜਸਟਿਸ ਲਲਿਤ, ਐੱਸ ਰਵਿੰਦਰ ਭੱਟ ਅਤੇ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ’ਚ ਇਕ ਘੰਟਾ ਪਹਿਲਾਂ ਯਾਨੀ ਸਾਢੇ 9 ਵਜੇ ਕੰਮ ਸ਼ੁਰੂ ਕਰ ਦਿੱਤਾ। ਜਸਟਿਸ ਲਲਿਤ, ਜੋ ਭਾਰਤ ਦੇ ਅਗਲੇ ਚੀਫ਼ ਜਸਟਿਸ ਹੋਣਗੇ, ਨੇ ਕਿਹਾ,‘‘ਮੇਰੇ ਵਿਚਾਰ ਨਾਲ ਸਾਨੂੰ ਸਵੇਰੇ 9 ਵਜੇ ਬੈਠਣਾ ਚਾਹੀਦਾ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਜੇਕਰ ਸਾਡੇ ਬੱਚੇ ਸਵੇਰੇ 7 ਵਜੇ ਸਕੂਲ ਜਾ ਸਕਦੇ ਹਨ ਤਾਂ ਫਿਰ ਅਸੀਂ ਸਵੇਰੇ 9 ਵਜੇ ਕਿਉਂ ਨਹੀਂ ਆ ਸਕਦੇ।’’ ਇਹ ਟਿੱਪਣੀ ਉਸ ਸਮੇਂ ਕੀਤੀ ਗਈ ਜਦੋਂ ਜ਼ਮਾਨਤ ਦੇ ਇਕ ਮਾਮਲੇ ’ਚ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਬੈਂਚ ਦੇ ਸਮੇਂ ਤੋਂ ਪਹਿਲਾਂ ਬੈਠਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਦਾਲਤਾਂ ਦਾ ਕੰਮਕਾਰ ਸਵੇਰੇ ਸਾਢੇ 9 ਵਜੇ ਸ਼ੁਰੂ ਕਰਨਾ ਜ਼ਿਆਦਾ ਸਹੀ ਹੈ। ਜਸਟਿਸ ਲਲਿਤ ਨੇ ਕਿਹਾ ਕਿ ਜੇਕਰ ਅਦਾਲਤਾਂ ਸਵੇਰੇ ਛੇਤੀ ਕੰਮ ਸ਼ੁਰੂ ਕਰਨਗੀਆਂ ਤਾਂ ਉਹ ਦਿਨ ਦਾ ਕੰਮ ਵੀ ਛੇਤੀ ਮੁਕੰਮਲ ਕਰ ਸਕਦੀਆਂ ਹਨ ਅਤੇ ਜੱਜਾਂ ਨੂੰ ਅਗਲੇ ਦਿਨ ਦੀਆਂ ਕੇਸ ਫਾਈਲਾਂ ਪੜ੍ਹਨ ਦਾ ਸ਼ਾਮ ਨੂੰ ਹੋਰ ਵਧੇਰਾ ਸਮਾਂ ਮਿਲੇਗਾ। ‘ਅਦਾਲਤਾਂ ਸਵੇਰੇ 9 ਵਜੇ ਕੰਮ ਸ਼ੁਰੂ ਕਰ ਸਕਦੀਆਂ ਹਨ ਅਤੇ ਸਾਢੇ 11 ਵਜੇ ਅੱਧੇ ਘੰਟੇ ਦੀ ਬਰੇਕ ਹੋ ਸਕਦੀ ਹੈ। ਫਿਰ ਦੁਪਹਿਰ 2 ਵਜੇ ਦਿਨ ਦਾ ਕੰਮ ਖ਼ਤਮ ਕੀਤਾ ਜਾ ਸਕਦਾ ਹੈ। ਇੰਜ ਕਰਨ ਨਾਲ ਜੱਜਾਂ ਨੂੰ ਸ਼ਾਮ ਨੂੰ ਹੋਰ ਕੰਮ ਕਰਨ ਲਈ ਵਧੇਰੇ ਸਮਾਂ ਮਿਲੇਗਾ।’ ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਉਦੋਂ ਕੰਮ ਕਰ ਸਕਦਾ ਹੈ ਜਦੋਂ ਸਿਰਫ਼ ਨਵੇਂ ਮਾਮਲੇ ਹੋਣ, ਜਿਨ੍ਹਾਂ ’ਤੇ ਲੰਬੀ ਸੁਣਵਾਈ ਦੀ ਲੋੜ ਨਹੀਂ ਹੈ। ਸ੍ਰੀ ਰੋਹਤਗੀ ਨੇ ਆਸ ਜਤਾਈ ਕਿ ਅਜਿਹੇ ਪ੍ਰਬੰਧ ਅਗਸਤ ਦੇ ਅਖੀਰ ਤੱਕ ਵਧੇਰੇ ਦੇਖੇ ਜਾ ਸਕਦੇ ਹਨ। ਇਸ ’ਤੇ ਜਸਟਿਸ ਲਲਿਤ ਨੇ ਕਿਹਾ ਕਿ ਇਹ ਤਾਂ ਸਿਰਫ਼ ਕੈਪਸੂਲ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਜੱਜ ਰੋਜ਼ਾਨਾ ਸਵੇਰੇ ਸਾਢੇ 10 ਤੋਂ ਸ਼ਾਮ 4 ਵਜੇ ਤੱਕ ਕੇਸਾਂ ਦੀ ਸੁਣਵਾਈ ਕਰਦੇ ਹਨ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ 26 ਅਗਸਤ ਨੂੰ ਸੇਵਾਮੁਕਤ ਹੋਣਾ ਹੈ ਅਤੇ ਜਸਟਿਸ ਲਲਿਤ ਅਗਲੇ ਚੀਫ਼ ਜਸਟਿਸ ਬਣਨਗੇ ਜੋ 8 ਨਵੰਬਰ ਤੱਕ ਅਹੁਦੇ ’ਤੇ ਰਹਿਣਗੇ। -ਪੀਟੀਆਈ